ਪੱਤਰ ਪ੍ਰੇਰਕ
ਗੁਰਦਾਸਪੁਰ, 9 ਦਸੰਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਅਮਲ ‘ਚ ਲਿਆਉਂਦਿਆਂ ਸਿੱਖਿਆ ਵਿਭਾਗ ਵੱਲੋਂ ਜਨਵਰੀ 2010 ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਈ.ਟੀ.ਟੀ. ਅਧਿਆਪਕਾਂ ਦੀਆਂ ਆਸਾਮੀਆਂ ਲਈ ਬਤੌਰ ਟੀਚਿੰਗ ਫੈਲੋਜ਼ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਦੀ ਨਵੀਂ ਸਾਂਝੀ ਮੈਰਿਟ ਤਿਆਰ ਕੀਤੀ ਜਾ ਰਹੀ ਹੈ ਜਿਸ ਕਾਰਨ ਨੌਕਰੀ ਕਰ ਰਹੇ ਵੱਡੀ ਸੰਖਿਆ ‘ਚ ਟੀਚਿੰਗ ਫੈਲੋਜ਼ ਦੇ ਪ੍ਰਭਾਵਿਤ ਹੋਣ ਦੇ ਅਸਾਰ ਹਨ। ਇਸ ਵਿਭਾਗੀ ਕਾਰਵਾਈ ਕਾਰਨ ਉਕਤ ਮਿਤੀ ਤੋਂ ਬਾਅਦ ਭਰਤੀ ਟੀਚਿੰਗ ਫੈਲੋਜ਼ ਅੰਦਰ ਬੇਚੈਨੀ ਫੈਲ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2008 ਦੌਰਾਨ ਸਿੱਖਿਆ ਵਿਭਾਗ ਵੱਲੋਂ ਪੰਜਾਬ ਅੰਦਰ ਈ.ਟੀ.ਟੀ. ਪੋਸਟਾਂ ‘ਤੇ ਭਰਤੀ ਕਰਨ ਲਈ 9998 ਟੀਚਿੰਗ ਫੈਲੋਜ਼ ਭਰਤੀ ਕਰਨ ਦਾ ਇਸ਼ਤਿਹਾਰ ਦਿੱਤਾ ਗਿਆ ਸੀ। ਇਹ ਭਰਤੀ ਕਾਰਜ ਤਿੰਨ ਵੱਖ-ਵੱਖ ਪੜਾਅ ‘ਚ ਮੁਕੰਮਲ ਕੀਤਾ ਸੀ। ਆਖਰੀ ਪੜਾਅ ਜਨਵਰੀ 2010 ਤੋਂ ਬਾਅਦ ਮੁਕੰਮਲ ਕੀਤਾ ਗਿਆ ਸੀ। ਇਸ ਦੌਰਾਨ ਹੀ ਨੀਲਮ ਬਨਾਮ ਪੰਜਾਬ ਸਰਕਾਰ ਕੇਸ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਸਿੱਖਿਆ ਵਿਭਾਗ ਅੰਦਰ ਜੋ ਵੀ ਭਰਤੀ ਜਾਂ ਤਰੱਕੀ ਕੀਤੀ ਜਾਂਦੀ ਹੈ ਉਹ ਪੁਰਸ਼ਾਂ ਤੇ ਔਰਤਾਂ ਦੀ ਵੱਖ-ਵੱਖ ਸੀਨੀਆਰਤਾ ਸੂਚੀ ਤਿਆਰ ਕਰਨ ਦੀ ਥਾਂ ਸਾਂਝੀ ਮੈਰਿਟ ਸੂਚੀ ਤਿਆਰ ਕਰਕੇ ਕੀਤੀ ਜਾਵੇ।
ਅਦਾਲਤ ਦੇ ਉਕਤ ਫੈਸਲੇ ਦੀ ਰੋਸ਼ਨੀ ‘ਚ ਟੀਚਿੰਗ ਫੈਲੋਜ਼ ਦੀ ਭਰਤੀ ‘ਚ ਮੈਰਿਟ ਵਿੱਚ ਆਉਣ ਤੋਂ ਰਹਿ ਗਈਆਂ ਦੋ ਲੜਕੀਆਂ ਵੱਲੋਂ ਪਟੀਸ਼ਨ ਦਾਇਰ ਕਰਕੇ ਟੀਚਿੰਗ ਫੈਲੋਜ਼ ਦੀ ਸਾਂਝੀ ਮੈਰਿਟ ਸੂਚੀ ਤਿਆਰ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਵੱਲੋਂ 8 ਜਨਵਰੀ 2010 ਤੋਂ ਬਾਅਦ ਭਰਤੀ ਕੀਤੇ ਟੀਚਿੰਗ ਫੈਲੋਜ਼ ਦੀ ਸਾਂਝੀ ਮੈਰਿਟ ਸੂਚੀ ਤਿਆਰ ਕਰਕੇ ਨਵੇਂ ਸਿਰੇ ਤੋਂ ਭਰਤੀ ਕਾਰਜ ਮੁਕੰਮਲ ਕਰਨ ਦੇ ਹੁਕਮ ਸਿੱਖਿਆ ਵਿਭਾਗ ਨੂੰ ਕੀਤੇ ਗਏ ਸਨ। ਜ਼ਿਲ੍ਹਾ ਸਿੱਖਿਆ ਦਫ਼ਤਰ (ਗੁਰਦਾਸਪੁਰ) ਵੱਲੋਂ ਅਦਾਲਤੀ ਹੁਕਮਾਂ ਤਹਿਤ ਵਿਭਾਗ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਨਵੇਂ ਸਿਰੇ ਤੋਂ ਕੁੜੀਆਂ-ਮੁੰਡਿਆਂ ਦੀ ਸਾਂਝੀ ਮੈਰਿਟ ਸੂਚੀ ਤਿਆਰ ਕਰਕੇ ਕੌਂਸਲਿੰਗ ਸ਼ੁਰੂ ਕਰ ਦਿੱਤੀ ਹੈ।
ਇਸ ਕਾਰਵਾਈ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ 17 ਪੁਰਸ਼ ਅਧਿਆਪਕ ਅਤੇ 14 ਔਰਤ ਅਧਿਆਪਕਾਵਾਂ ਦੇ ਪ੍ਰਭਾਵਿਤ ਹੋਣ ਦੀਆਂ ਸੰਭਾਵਨਾਵਾਂ ਹਨ। ਜੇਕਰ ਨਵੀਂ ਮੈਰਿਟ ਸੂਚੀ ‘ਚ ਨਾ ਆਉਂਦੇ ਤਾਂ ਨੌਕਰੀ ਖੁੱਸ ਸਕਦੀ ਹੈ। ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਉਡੀਕ ਸੂਚੀ ਵਾਲੇ ਉਮੀਦਵਾਰਾਂ ਨੂੰ ਕੌਂਸਲਿੰਗ ਲਈ ਸੱਦ ਲਿਆ ਹੈ। ਉਧਰ ਸੰਭਾਵਿਤ ਤੌਰ ‘ਤੇ ਪ੍ਰਭਾਵਿਤ ਹੋਣ ਵਾਲੇ ਅਧਿਆਪਕਾਂ ਨੇ ਨੌਕਰੀ ਦਾ ਸਟੇਅ ਲੈਣ ਲਈ ਵਕੀਲਾਂ ਤੋਂ ਕਾਨੂੰਨੀ ਰਾਏ ਲੈਣੀ ਸ਼ੁਰੂ ਕਰ ਦਿੱਤੀ ਹੈ। ਸਾਰੇ ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਜਿਨ੍ਹਾਂ ਦੋ ਇਸਤਰੀ ਉਮੀਦਵਾਰਾਂ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਉਨ੍ਹਾਂ ਦਾ ਸਾਂਝੀ ਮੈਰਿਟ ਵਿੱਚ ਵੀ ਨਾਂ ਆਉਣ ਤੋਂ ਖੁੰਝ ਗਿਆ ਹੈ।
ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ੍ਰੀਮਤੀ ਸ਼ਿੰਦੋ ਸਾਹਨੀ ਨੇ ਦੱਸਿਆ ਕਿ 147 ਟੀਚਿੰਗ ਫੈਲੋਜ਼ ਜਿਹੜੇ ਪਹਿਲਾਂ ਹੀ ਵਿਭਾਗ ਵਿੱਚ ਕੰਮ ਕਰ ਰਹੇ ਹਨ, ਨੂੰ ਕੌਂਸਲਿੰਗ ਅਟੈਂਡ ਕਰਨ ਦੀ ਲੋੜ ਨਹੀਂ ਹੈ। ਜਿਹੜੇ ਟੀਚਿੰਗ ਫੈਲੋਜ਼ ਨੂੰ 8 ਜਨਵਰੀ 2010 ਤੋਂ ਪਹਿਲਾਂ ਪੇਸ਼ਕਸ਼ ਪੱਤਰ ਜਾਰੀ ਕੀਤੇ ਗਏ ਹਨ ਪਰ ਨਿਯੁਕਤੀ ਪੱਤਰ ਬਾਅਦ ਵਿੱਚ ਜਾਰੀ ਕੀਤੇ ਗਏ ਹਨ। ਉਨ੍ਹਾਂ ਬਾਰੇ ਵਿਭਾਗ ਕਾਨੂੰਨੀ ਰਾਏ ਲੈ ਰਿਹਾ ਹੈ। ਜੋ ਵੀ ਕਾਨੂੰਨੀ ਰਾਏ ਪ੍ਰਾਪਤ ਹੋਵੇਗੀ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਹੜੇ ਟੀਚਿੰਗ ਫੈਲੋਜ਼ ਨੂੰ 8 ਜਨਵਰੀ 2010 ਤੋਂ ਬਾਅਦ ਪੇਸ਼ਕਸ਼ ਪੱਤਰ ਅਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ ਉਨ੍ਹਾਂ ਦੀ ਮੈਰਿਟ ਸੋਧ ਕਰਨ ਉਪਰੰਤ ਜੇਕਰ ਉਹ ਸਿਲੈਕਸ਼ਨ ਜ਼ੋਨ ਵਿੱਚ ਰਹਿੰਦੇ ਹਨ ਤਾਂ ਵਿਚਾਰੇ ਜਾਣਗੇ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਪੁਰਸ਼/ਇਸਤਰੀ ਦੀ ਮੈਰਿਟ ਸਾਂਝੀ ਬਣਾਉਣ ਦੇ ਆਦੇਸ਼ ਪ੍ਰਾਪਤ ਹੋਏ ਹਨ।
No comments:
Post a Comment
Note: only a member of this blog may post a comment.