Thursday, 8 September 2011

ਅੱਜ ਦੀਆਂ ਖਬਰਾਂ 08/09/2011

 ਸਕੂਲ ਬਣਿਆ ਚੋਣ ਅਖਾੜਾ
sਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਪੇਂਡੂ ਸਿੱਖਿਆ ਵਿਕਾਸ ਕਮੇਟੀ (ਪਸਵਕ) ਦੇ ਮੈਂਬਰਾਂ ਅਤੇ ਚੇਅਰਮੈਨ ਦੀ ਚੋਣ ਕੀਤੀ ਜਾਣੀ ਸੀ, ਜਿਸ ਦੌਰਾਨ ਪੰਚਾਂ, ਸਰਪੰਚਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਆਵਾਜਾਈ ਨਾਲ ਸਾਰਾ ਦਿਨ ਸਕੂਲ ਅੰਦਰ ਚੋਣ ਅਖਾੜੇ ਵਰਗਾ ਮਾਹੌਲ ਬਣਿਆ ਰਿਹਾ। ਸਕੂਲ ਅੰਦਰ ਹੀ ਕੁਝ ਵਿਅਕਤੀਆਂ ਵੱਲੋਂ ਆਪਣੇ ਧੜੇ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਖਲਲ ਵੀ ਪਿਆ। ਪਸਵਕ ਦੇ ਮੈਂਬਰ ਬਣਨ ਲਈ ਦਾਨੀ ਸੱਜਣ ਦੇ ਰੂਪ ਵਿੱਚ ਪਹਿਲੀ ਵਾਰ ਬੋਲੀ ਲਗਵਾਈ ਗਈ ਹੈ, ਜਿਸ ਦਾ ਕਰੜਾ ਵਿਰੋਧ ਹੋਇਆ। ਪਿੰਡ ਦੀ ਮਹਿਲਾ ਸਰਪੰਚ ਬੀਬੀ ਬਲਬੀਰ ਕੌਰ ਘੁੰਮਣ ਅਤੇ ਉਸ ਦੇ ਸਾਥੀ ਚੋਣ ਦੌਰਾਨ ਪ੍ਰਿੰਸੀਪਲ ‘ਤੇ ਆਪਹੁਦਰੇਪਣ ਦਾ ਇਲਜ਼ਾਮ ਲਗਾਉਂਦੇ ਹੋਏ ਮੀਟਿੰਗ ‘ਚੋਂ ਵਾਕਆਊਟ ਕਰ ਗਏ ਅਤੇ ਸਕੂਲ ਦੇ ਗੇਟ ਮੂਹਰੇ ਪ੍ਰਿੰਸੀਪਲ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਪੁਲੀਸ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।
ਸਕੂਲ ਦੇ ਗੇਟ ਮੂਹਰੇ ਮਹਿਲਾ ਸਰਪੰਚ ਨੇ ਆਪਣੇ ਸਾਥੀਆਂ ਜਿਨ੍ਹਾਂ ਵਿੱਚ ਸਾਬਕਾ ਫੌਜੀ ਅਰਜਨ ਸਿੰਘ, ਕਰਤਾਰ ਸਿੰਘ, ਨੰਬਰਦਾਰ ਹਜ਼ਾਰਾ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ ਪੀਰ ਕਲੋਨੀ, ਅਮਨਦੀਪ ਕੌਰ, ਅਮਰੀਕ ਸਿੰਘ, ਪੰਚ ਸੂਰਜ ਭਾਨ, ਪੰਚ ਹਰਮੇਸ਼ ਸਿੰਘ ਛੁਨਾ, ਸੋਹਨ ਲਾਲ, ਵੇਦ ਪ੍ਰਕਾਸ਼ ਬੇਦੀ, ਪਰਮਜੀਤ ਸਿੰਘ, ਸਤਪਾਲ ਸਿੰਘ ਨਾਇਕ ਅਤੇ ਹੋਰ ਇੱਕ ਦਰਜਨ ਦੇ ਕਰੀਬ ਵਿਅਕਤੀ ਸ਼ਾਮਲ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਜਿਸ ਪਿੰਡ ਵਿੱਚ ਸਕੂਲ ਹੁੰਦਾ ਹੈ ਉਸੇ ਪਿੰਡ ਦਾ ਸਰਪੰਚ ਪਸਵਕ ਕਮੇਟੀ ਦਾ ਚੇਅਰਮੈਨ ਹੁੰਦਾ ਹੈ। ਉਨ੍ਹਾਂ ਨੇ ਪ੍ਰਿੰਸੀਪਲ ਉਪਰ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਿੰਸੀਪਲ ਵੱਲੋਂ ਪਸਵਕ ਕਮੇਟੀ ਦੀ ਚੋਣ ਪਹਿਲਾਂ ਹੀ ਅੰਦਰਖਾਤੇ ਕੀਤੀ ਜਾ ਚੁੱਕੀ ਹੈ, ਹੁਣ ਕੇਵਲ ਲੋਕ ਦਿਖਾਵੇ ਲਈ ਹੀ ਮੀਟਿੰਗ ਸੱਦੀ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਕਥਿਤ ਤੌਰ ‘ਤੇ ਗੁੰਡਾ ਕਿਸਮ ਦੇ ਵਿਅਕਤੀ ਬੁਲਾ ਕੇ ਸਕੂਲ ਅੰਦਰ ਸ਼ਰ੍ਹੇਆਮ ਗੁੰਡਾਗਰਦੀ ਹੋਈ ਹੈ, ਸ਼ਰਾਬ ਵੇਚਣ ਵਾਲੇ ਕਥਿਤ ਤੌਰ ‘ਤੇ ਪਸਵਕ ਕਮੇਟੀ ਦੇ ਮੈਂਬਰ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਸਵਕ ਕਮੇਟੀ ਵਿੱਚ ਇੱਕ ਅਜਿਹੇ ਵਿਅਕਤੀ ਨੁੂੰ ਵੀ ਮੈਂਬਰ ਬਣਾਇਆ ਜਾਂਦਾ ਹੈ ਜੋ ਕਿ ਸਕੂਲ ਦੀ ਸਹਾਇਤਾ ਲਈ ਸਮੇਂ ਸਮੇਂ ‘ਤੇ ਦਾਨ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਬਹਾਦਰਗੜ੍ਹ ਵਾਸੀ ਸੋਹਲ ਲਾਲ 1994 ਤੋਂ ਸਕੂਲ ਦਾ ਦਾਨੀ ਸੱਜਣ ਹੈ, ਪਰ ਇਸ ਵਾਰ ਪ੍ਰਿੰਸੀਪਲ ਨੇ ਦਾਨੀ ਸੱਜਣ ਬਣਨ ਲਈ ਵੱਧ ਤੋਂ ਵੱਧ ਦਾਨ ਦੇਣ ਦੀ ਬੋਲੀ ਲਗਵਾਈ ਹੈ ਜੋ ਕਿ ਸਰਾਸਰ ਪਸਵਕ ਦੀ ਤੌਹੀਨ ਹੈ। ਇਸ ਦੌਰਾਨ ਸਰਪੰਚ ਨਾਲ ਹਾਜ਼ਰ ਵਿਅਕਤੀਆਂ ਨੇ ਦੱਸਿਆ ਕਿ ਅੱਜ ਨਵੇਂ ਬਣੇ ਦਾਨੀ ਸੱਜਣ ਨੇ ਇਸ ਤੋਂ ਪਹਿਲਾਂ ਕਦੇ ਵੀ ਸਕੂਲ ਲਈ ਦਾਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਸਕੂਲ ਅੰਦਰ ਦੂਜੀ ਧਿਰ ਵੱਲੋਂ ਨਾਅਰੇ ਲਗਾਉਣ ਉਪਰ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਿਆ ਹੈ।
ਉਧਰ ਸਕੂਲ ਦੇ ਪ੍ਰਿੰਸੀਪਲ ਨੇ ਸਰਪੰਚ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਬਹੁਮਤ ਸਾਬਤ ਕਰਨ ‘ਤੇ ਪਸਵਕ ਦੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਗਿੱਲ ਦਾ ਨਾਂ ਦੁਬਾਰਾ ਚੇਅਰਮੈਨ ਦੀ ਪਦਵੀ ਲਈ ਡੀ.ਈ.ਓ ਨੂੰ ਪ੍ਰਵਾਨਗੀ ਲਈ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਸਵਕ ਵਿੱਚ ਕੁਲ 7 ਮੈਂਬਰ ਹੁੰਦੇ ਹਨ ਜਿਨ੍ਹਾਂ ਵਿੱਚ 2 ਪੀ.ਟੀ.ਏ ਕਮੇਟੀ ਤੋਂ, 2 ਪਿੰਡ ਦੀ ਪੰਚਾਇਤ ਤੋਂ, 1 ਸਾਬਕਾ ਫੌਜੀ, 1 ਸਾਬਕਾ ਅਧਿਆਪਕ ਅਤੇ ਇੱਕ ਦਾਨੀ ਸੱਜਣ ਹੁੰਦਾ ਹੈ ਅਤੇ ਇਸ ਦੀ ਚੋਣ ਤਿੰਨ ਸਾਲਾਂ ਲਈ ਕੀਤੀ ਜਾਂਦੀ ਹੈ।

ਪ੍ਰਿੰਸੀਪਲ ਦੇ ਗੁੱਸੇ ਦਾ ਸ਼ਿਕਾਰ ਬਣਿਆ ਪਹਿਲੀ ਜਮਾਤ ਦਾ ਬੱਚਾ
 * ਸਕੂਲ ਦਾਖਲ ਹੋਣ ’ਤੇ ਲਾਈ ਰੋਕ * ਗੇਟ ’ਤੇ ਵਿਲਕਦਾ ਰਿਹਾ ਮਾਸੂਮ

ਸਥਾਨਕ ਇਕ ਨਿੱਜੀ ਸਕੂਲ ‘ਰਿਵਰਡੈਲ ਪਬਲਿਕ ਸਕੂਲ’ ਵੱਲੋਂ ਮਾਪਿਆਂ ਨਾਲ ਹੋਏ ਮਾਮੂਲੀ ਤਕਰਾਰ ਦਾ ਗੁੱਸਾ ਨੰਨ੍ਹੇ ਅਤੇ ਅਪਾਹਜ ਵਿਦਿਆਰਥੀ ਖ਼ਿਲਾਫ਼ ‘ਨੋ ਐਂਟਰੀ’ ਕਰਕੇ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਇਸ ਵਰਤਾਰੇ ਕਾਰਨ ਪਹਿਲੀ ਜਮਾਤ ਦਾ ਇਹ  ਵਿਦਿਆਰਥੀ ਸਖਤ ਗਰਮੀ ਵਿਚ ਸਕੂਲ ਦੇ ਗੇਟ ਬਾਹਰ ਘੰਟਿਆਂਬੱਧੀ ਰੋਂਦਾ ਰਿਹਾ, ਪਰ ਸਕੂਲ ਵੱਲੋਂ ਉਸ ’ਤੇ ਤਰਸ ਨਹੀਂ ਕੀਤਾ ਗਿਆ।
ਸਕੂਲ ਵੈਨ ਦੇ ਡਰਾਈਵਰ ਜ਼ਰੀਏ ਜਦੋਂ ਪੀੜਤ ਵਿਦਿਆਰਥੀ ਦੇ ਮਾਪਿਆਂ ਨੂੰ ਇਹ ਖ਼ਬਰ ਮਿਲੀ ਤਾਂ ਉਹ  ਸਕੂਲ ਵੱਲ ਭੱਜੇ ਆਏ। ਡਰਾਈਵਰ ਦਾ ਕਹਿਣਾ ਸੀ ਕਿ ਸਕੂਲ ਦੀ ਪ੍ਰਿੰਸੀਪਲ ਦਾ ਉਸ ਨੂੰ ਹੁਕਮ ਆਇਆ ਸੀ ਕਿ ਖੇੜਾ ਜੱਟਾਂ ਤੋਂ ਗੁਰਿੰਦਰ ਸਿੰਘ ਨਾਮੀ ਬੱਚੇ ਨੂੰ ਵੈਨ ਵਿਚ ਨਹੀਂ ਲਿਆਉਣਾ, ਉਸ ਦਾ ਨਾਂ ਕੱਟ ਦਿੱਤਾ ਗਿਆ ਹੈ। ਡਰਾਈਵਰ ਅਨੁਸਾਰ ਪ੍ਰਿੰਸੀਪਲ ਦੇ ਇਸ ਤਾਜ਼ੇ ਹੁਕਮ ਤੱਕ ਉਹ ਵੈਨ ਰਾਹੀਂ ਬੱਚੇ ਨੂੰ ਸਕੂਲ ਦੇ ਗੇਟ ਤੱਕ ਲਿਆ ਚੁੱਕਾ ਸੀ। ਬਾਅਦ ਵਿਚ ਪ੍ਰਿੰਸੀਪਲ ਦੇ ਫੁਰਮਾਨ ’ਤੇ ਇਸ ਬੱਚੇ ’ਤੇ ਸਕੂਲ ਵਿਚ ਵੜਨ ਦੀ ਸਖ਼ਤ ਮਨਾਹੀ ਕਾਰਨ ਵਿਦਿਆਰਥੀ ਬਾਹਰ ਹੀ ਖੁਆਰ ਹੁੰਦਾ ਰਿਹਾ।
ਸਕੂਲ ਦੀ ਪ੍ਰਿੰਸੀਪਲ ਜਸਲੀਨ ਬਾਵਾ ਨਾਲ ਇਸ ਮੁੱਦੇ ’ਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਬੀਤੇ ਲੰਘੀ ਕੱਲ੍ਹ ਬੱਚੇ ਦਾ ਪਿਤਾ ਉਸ ਨਾਲ ਤਕਰਾਰ ਕਰਕੇ ਗਿਆ ਸੀ ਅਤੇ ਹੁਣ ਇਸ ਬੱਚੇ ਨੂੰ ਕਿਸੇ ਵੀ ਹਾਲਤ ਵਿਚ ਸਕੂਲ ਵਿਚ ਲਿਆ ਨਹੀਂ  ਜਾਵੇਗਾ।
ਦੂਜੇ ਪਾਸੇ ਬੱਚੇ ਦੇ ਪਿਤਾ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਲੰਘੇ ਕੱਲ੍ਹ ਸਕੂਲ ਇਸ ਲਈ ਆਇਆ ਸੀ ਕਿ ਬੱਚੇ ਨੂੰ ਜਿਹੜੇ ਨੋਟ ਦਿੱਤੇ ਜਾਂਦੇ ਹਨ ਉਹ ਅੰਗਰੇਜ਼ੀ ਦੀ ਬਜਾਏ ਹਿੰਦੀ ਜਾਂ ਪੰਜਾਬੀ ਵਿਚ ਦਿੱਤੇ ਜਾਣ। ਉਸ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਉਸ ਨੂੰ ਤੁਰੰਤ  ਸਕੂਲ ਵਿਚੋਂ ਬਾਹਰ ਜਾਣ ਦੀ ਹਦਾਇਤ ਕਰ ਦਿੱਤੀ ਸੀ, ਜਿਸ ਮਗਰੋਂ ਉਹ ਤੁਰੰਤ ਵਾਪਸ ਮੁੜ ਗਿਆ ਸੀ। ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਪ੍ਰਿੰਸੀਪਲ ਦੀ ਬੱਚੇ ਖ਼ਿਲਾਫ਼ ਇਸ ਬਦਲਾਲਊ ਕਾਰਵਾਈ ਦੀ ਪੁਲੀਸ ਨੂੰ ਵੀ ਸੂਚਨਾ ਦਿੱਤੀ ਹੈ।
ਸਕੂਲ ਦੀ ਪ੍ਰਿੰਸੀਪਲ ਵੱਲੋਂ ਬੱਚੇ ਖ਼ਿਲਾਫ਼ ਬਦਲਾਲਊ ਵਤੀਰੇ ਦੀ ਵੱਖ-ਵੱਖ ਲੋਕਾਂ ਨੇ ਸਖਤ ਨਿੰਦਾ ਕੀਤੀ ਗਈ ਹੈ। ਲੋਕ ਜਾਗ੍ਰਤੀ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਸੋਹਨ ਲਾਲ ਗੁਪਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਿੰਸੀਪਲ  ਖ਼ਿਲਾਫ਼ ਤੁਰੰਤ ਉਚਿਤ ਕਾਰਵਾਈ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪ੍ਰਿੰਸੀਪਲ ਦੇ ਗੁੱਸੇ ਦਾ ਸ਼ਿਕਾਰ ਇਹ ਪੀੜਤ ਵਿਦਿਆਰਥੀ ਕੰਨਾਂ ਤੋਂ ਬੋਲਾ ਹੈ ਤੇ ਇਸ ਦੇ ਮਸ਼ੀਨ ਲੱਗੀ ਹੋਈ ਹੈ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼

ਇਥੋਂ ਦੇ ਪਬਲਿਕ ਸਕੂਲ ’ਚ ਪੜ੍ਹ ਰਹੇ ਕੁਝ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਾਂਝੇ ਤੌਰ ’ਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਸੇਵਾ ਸਿੰਘ ਸੇਖਵਾਂ ਨੰੂ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਗਿਆ ਹੈ ਕਿ ਸਕੂਲ ਦੇ ਸਟਾਫ ਵੱਲੋਂ ਉਨ੍ਹਾਂ ਤੋਂ ਘੱਟ ਗਿਣਤੀ ਵਰਗ ਨਾਲ ਸਬੰਧ ਵਜ਼ੀਫੇ ਫਾਰਮ ਲੈਣ ਤੋਂ ਇਨਕਾਰ ਕਰਕੇ ਉਨ੍ਹਾਂ ਨੰੂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਨੇ ਇਸ ਮਾਮਲੇ ਵਿਚ ਸਕੂਲ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੰੂ ਵਜ਼ੀਫਾ ਰਾਸ਼ੀ ਵੰਡੀ ਜਾ ਰਹੀ ਹੈ। ਵਜ਼ੀਫਾ ਲੈਣ ਲਈ ਪ੍ਰੀ-ਮੈਟ੍ਰਿਕ/ਪੋਸਟ ਮੈਟ੍ਰਿਕ ਵਿਦਿਆਰਥੀ ਦੇ ਮਾਪਿਆਂ ਵੱਲੋਂ ਅਪਲੀਕੇਸ਼ਨ ਫਾਰਮ ਤੇ ਘੱਟ ਆਮਦਨ ਸਬੰਧੀ ਸਵੈ-ਘੋਸ਼ਣਾ ਪੱਤਰ ਦੇਣ ਬਾਰੇ ਕਿਹਾ ਗਿਆ ਹੈ ਪਰ ਵੇਖਣ ਵਿਚ ਆਇਆ ਹੈ ਕਿ ਇਲਾਕੇ ਦੇ ਕੁਝ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਵੈ-ਘੋਸ਼ਣਾ ਪੱਤਰ ਦੀ ਬਜਾਏ ਤਸਦੀਕਸ਼ੁਦਾ ਹਲਫੀਆ ਬਿਆਨ ਜਬਰੀ ਲੈ ਕੇ ਪੰਜਾਬ ਸਰਕਾਰ ਵੱਲੋਂ ਸਵੈ-ਘੋਸ਼ਣਾ ਪੱਤਰ ਲੈਣ ਸਬੰਧੀ ਪਾਸ ਕੀਤੇ ਕਾਨੰੂਨ ਦੀ ਸ਼ਰ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੋਟਕਪੂਰੇ ਇਕ ਸਕੂਲ ਨੇ ਇਹ ਫਾਰਮ ਸ਼ਰ੍ਹੇਆਮ ਲੈਣ ਤੋਂ ਇਨਕਾਰ ਹੀ ਕਰ ਦਿੱਤਾ ਹੈ।
ਇਧਰ ਜ਼ਿਲ੍ਹਾ ਸਿੱਖਿਆ ਅਫਸਰ (ਸੰਕੈ.) ਫਰੀਦਕੋਟ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਇਸ ਸਕੀਮ ਤਹਿਤ ਲਾਭਪਾਤਰੀ ਵਿਦਿਆਰਥੀਆਂ ਦੇ ਮਾਪਿਆਂ ਤੋਂ ਐਪਲੀਕੇਸ਼ਨ ਫਾਰਮ, ਸਵੈ-ਘੋਸ਼ਣਾ ਫਾਰਮ ਲੈ ਕੇ ਸਕੂਲਾਂ ਵੱਲੋਂ ਜ਼ਿਲ੍ਹਾ ਮੁਖੀਆਂ ਦੇ ਦਫਤਰਾਂ ਵਿਚ ਪਹੁੰਚਦੇ ਕਰਨੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਦਫਤਰ ਵੱਲੋਂ ਇਹ ਫਾਰਮ ਜ਼ਿਲ੍ਹਾ ਭਲਾਈ ਦਫਤਰ, ਚੰਡੀਗੜ੍ਹ ਵਿਖੇ ਪਹੁੰਚਦੇ ਕਰਨੇ ਹਨ। ਇਨ੍ਹਾਂ ਉਪਰੰਤ ਸੂਬਾ ਸਕੱਤਰ ਵੱਲੋਂ ਵਜ਼ੀਫੇ ਲਈ ਇਨ੍ਹਾਂ ਫਾਰਮਾਂ ਨੰੂ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਲਾਭਪਾਤਰੀ ਨੰੂ ਜਾਰੀ ਵਜ਼ੀਫੇ ਦੀ ਰਾਸ਼ੀ ਬੈਂਕ ਰਾਹੀਂ ਭੇਜੀ ਜਾਵੇਗੀ। ਸਕੂਲ ਮੁਖੀ ਵੱਲੋਂ ਫਾਰਮ ਲੈਣ ਤੋਂ ਇਨਕਾਰੀ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਉਹ ਇਸ ਬਾਰੇ ਪੜਤਾਲ ਕਰਨਗੇ ਤੇ ਸਕੂਲ ਖ਼ਿਲਾਫ਼ ਯੋਗ ਕਾਰਵਾਈ ਕਰਨਗੇ। ਇਧਰ ਸਕੂਲ ਦੀ ਪ੍ਰਿੰਸੀਪਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਅਜਿਹਾ ਭਵਿੱਖ ਵਿਚ ਦੁਬਾਰਾ ਨਹੀਂ ਹੋਵੇਗਾ।

12 ਸਾਲ ਤੋਂ ਅਧੂਰੇ ਪਏ ਹਨ ਸਕੂਲ ਦੇ ਕਮਰੇ

ਕਸਬਾ ਸ਼ਹਿਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਮਰੇ ਪਿਛਲੇ 12 ਸਾਲਾਂ ਤੋਂ ਅਧੂਰੇ ਪਏ ਹਨ।
ਇਨ੍ਹਾਂ ਕਮਰਿਆਂ ਦਾ ਉਦਘਾਟਨ ਜੂਨ 1999 ਵਿਚ ਹਲਕਾ ਵਿਧਾਇਕ ਨੇ ਕੀਤਾ ਸੀ।
ਸੰਨ 2001 ‘ਚ ਕਮਰਿਆਂ ਦਾ ਢਾਂਚਾ ਤਾਂ ਖੜ੍ਹਾ ਹੋ ਗਿਆ ਪ੍ਰੰਤੂ ਇਨ੍ਹਾਂ ‘ਤੇ ਪਲਸਤਰ ਅਤੇ ਲੱਕੜੀ ਦਾ ਕੰਮ ਨਹੀਂ ਹੋਇਆ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਲੱਖਾਂ ਰੁਪਏ ਦੀ ਗਰਾਂਟ ਆਉਣ ਦੇ ਬਾਵਜੂਦ ਇਹ ਕਮਰੇ ਮੁਕੰਮਲ ਕਿਉਂ ਨਹੀਂ ਹੋਏ।
ਸਕੂਲ ਦੇ ਬਾਕੀ ਕਮਰਿਆਂ ਦੇ ਦਰਵਾਜ਼ੇ ਅਤੇ ਬਾਥਰੂਮਾਂ ਦੇ ਦਰਵਾਜ਼ੇ ਵੀ ਮੁਰੰਮਤ ਮੰਗਦੇ ਹਨ।
ਕਿਸੇ ਸਮੇਂ ਜ਼ਿਲ੍ਹੇ ਭਰ ‘ਚ ਸਭ ਤੋਂ ਚੰਗਾ ਮੰਨਿਆ ਜਾਂਦਾ ਇਹ ਸਕੂਲ ਅੱਜ ਤੇਜ਼ੀ ਨਾਲ ਪਛੜ ਰਿਹਾ ਹੈ।
ਉੱਚ ਅਧਿਕਾਰੀ ਹੋਰਨਾਂ ਸਕੂਲਾਂ ‘ਚ ਛਾਪੇ ਮਾਰਦੇ ਹਨ ਪ੍ਰੰਤੂ (10-12) ਕਿੱਲੇ ‘ਚ ਫੈਲੇ ਇਸ ਸਕੂਲ ‘ਤੇ ਕਦੇ ਕਿਸੇ ਦੀ ਨਜ਼ਰ ਨਹੀਂ ਪਈ।


ਅਦਾਲਤ ਵੱਲੋਂ ਛੇ ਵਿਦਿਆਰਥੀ ਬਰੀ

ਸਾਲ 2008 ਵਿੱਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼ ‘ਚ ਹੋਏ ਬਹੁ-ਚਰਚਿਤ ਪੀ.ਐਮ.ਈ.ਟੀ. ਜਾਅਲਸਾਜ਼ੀ ਕਾਂਡ ਦੀ ਸੁਣਵਾਈ ਕਰਦਿਆਂ ਇਸ ਮਾਮਲੇ ‘ਚੋਂ 6 ਵਿਦਿਆਰਥੀਆਂ ਨੂੰ ਅੱਜ ਜੁਵੇਨਾਈਲ ਜਸਟਿਸ ਬੋਰਡ ਦੇ ਜੱਜ ਨੇ ਬਰੀ ਕਰਨ ਦਾ ਹੁਕਮ ਦਿੱਤਾ ਹੈ। ਇਹ ਸਾਰੇ ਵਿਦਿਆਰਥੀ ਨਾਬਾਲਗ ਸਨ ਅਤੇ ਇਨ੍ਹਾਂ ਦਾ ਕੇਸ ਬੱਚਿਆਂ ਦੀ ਅਦਾਲਤ ਵਿੱਚ ਚੱਲ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਪੁਲੀਸ ਫਰੀਦਕੋਟ ਨੇ 4 ਜੁਲਾਈ,2008 ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਸ਼ਿਕਾਇਤ ‘ਤੇ ਕਰੀਬ ਤਿੰਨ ਦਰਜਨ ਵਿਦਿਆਰਥੀਆਂ ਖ਼ਿਲਾਫ਼ ਧਾਰਾ 420/ 419 467/ 468/ 471/34 ਤਹਿਤ ਕੇਸ ਦਰਜ ਕੀਤਾ ਸੀ। ਇਨ੍ਹਾਂ ਤਿੰਨ ਦਰਜਨ ਵਿਦਿਆਰਥੀਆ ਵਿੱਚੋਂ ਛੇ ਵਿਦਿਆਰਥੀ ਨਾਬਾਲਗ ਸਨ ਜਿਨ੍ਹਾਂ ਬਾਰੇ ਅੱਜ ਅਦਾਲਤ ਨੇ ਫੈਸਲਾ ਸੁਣਾਇਆ ਹੈ। ਯੂਨੀਵਰਸਿਟੀ ਦੀ ਸ਼ਿਕਾਇਤ ਅਨੁਸਾਰ ਵਿਦਿਆਰਥਣ ਰਿਦਮਾ, ਨਵਜੀਤ ਕੌਰ, ਸਾਹਿਲ ਸ਼ਰਮਾ, ਅਸ਼ੀਸ਼ ਕੁਮਾਰ, ਨਵਪ੍ਰੀਤ ਸਿੰਘ ਅਤੇ ਸਰਪੁਨੀਤ ਸਿੰਘ ਨੇ ਕਥਿਤ ਤੌਰ ‘ਤੇ ਮੋਟੀ ਰਕਮ ਦੇ ਕੇ ਹੁਸ਼ਿਆਰ ਵਿਦਿਆਰਥੀਆਂ ਤੋਂ ਆਪਣੇ ਇਮਤਿਹਾਨ ਦਿਵਾਏ ਸਨ। ਜਾਂਚ ਦੌਰਾਨ ਪੁਲੀਸ ਨੇ ਇਨ੍ਹਾਂ ਛੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਇਸ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਟੀਮ ਤੈਅ ਸਮੇਂ ਵਿੱਚ ਅਦਾਲਤ ਸਾਹਮਣੇ ਸਾਰੇ ਗਵਾਹ ਪੇਸ਼ ਨਹੀਂ    ਕਰ ਸਕੀ।
ਸੂਚਨਾ ਅਨੁਸਾਰ ਅਦਾਲਤ ਨੇ ਅਗਸਤ 2009 ਤੋਂ ਇਸ ਕੇਸ ਵਿੱਚ ਗਵਾਹੀਆਂ ਲੈਣੀਆਂ ਸ਼ੁਰੂ ਕੀਤੀਆਂ ਸਨ। ਦੋ ਦਰਜਨ ਤੋਂ ਵੱਧ ਪੇਸ਼ੀਆਂ ਪੈਣ ‘ਤੇ ਵੀ ਪੁਲੀਸ ਸਾਰੇ ਗਵਾਹ ਅਦਾਲਤ ਸਾਹਮਣੇ ਪੇਸ਼ ਨਹੀਂ ਕਰ ਸਕੀ ਜਿਸ ‘ਤੇ ਅਦਾਲਤ ਨੇ 17 ਮਾਰਚ 2011 ਨੂੰ ਪੁਲੀਸ ਦੇ ਹੋਰ ਸਬੂਤ ਪੇਸ਼ ਕਰਨ ‘ਤੇ ਰੋਕ ਲਾਉਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਲੰਬੀ ਪੁੱਛ-ਪੜਤਾਲ ਤੋਂ ਬਾਅਦ ਅਦਾਲਤ ਨੇ ਅੱਜ ਇਨ੍ਹਾਂ ਵਿਦਿਆਰਥੀਆਂ ਖ਼ਿਲਾਫ਼ ਪੁਖਤਾ ਸਬੂਤ ਨਾ ਹੋਣ ਕਾਰਨ ਉਨ੍ਹਾਂ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੂੰ ਆਦੇਸ਼ ਦਿੱਤੇ ਸਨ ਕਿ ਉਹ ਇਸ ਕੇਸ ਦੀ ਸੁਣਵਾਈ ਪਹਿਲ ਦੇ ਆਧਾਰ ‘ਤੇ ਕਰੇ।


ਏ.ਬੀ.ਸੀ./ਬੀ.ਓ.ਏ. ਫਰੰਟ ਨੇ ਭੀਖ ਮੰਗ ਕੇ ਪੈਸੇ ਸਰਕਾਰੀ ਖ਼ਜ਼ਾਨੇ ਨੂੰ ਭੇਜੇ
ਏ.ਬੀ.ਸੀ./ਬੀ.ਓ.ਏ. ਫਰੰਟ ਪੰਜਾਬ ਦੀ ਇਕਾਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋਂ ਅੱਜ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵੱਜੋਂ ਮਨਾਇਆ ਗਿਆ। ਜ਼ਿਲ੍ਹਾ ਪ੍ਰਧਾਨ ਨਰੇਸ਼ ਬਰੇਟਾ ਨੇ ਦੱਸਿਆ ਮਿਤੀ 20-8-2011 ਨੂੰ ਡੀ.ਸੀ. ਦਫ਼ਤਰ ਫਤਹਿਗੜ੍ਹ ਸਾਹਿਬ ਅੱਗੇ ਭੀਖ ਮੰਗੀ, ਬੂਟ ਪਾਲਿਸ਼ ਕੀਤੇ ਅਤੇ ਰਿਕਸ਼ਾ ਚਲਾ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ। ਇਨ੍ਹਾਂ ਨਿਗੂਣੇ ਕੰਮਾਂ ਦੁਆਰਾ ਕੀਤੀ ਗਈ ਕਮਾਈ ਦੇ ਡਰਾਫਟ 116 ਰੁਪਏ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਅਤੇ 116 ਰੁਪਏ ਡੀ.ਜੀ.ਐਸ.ਈ. ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਨੂੰ ਭੇਜ ਕੇ ਸਰਕਾਰ ਦੇ ਖ਼ਜ਼ਾਨੇ ਭਰਨ ਦਾ ਉਪਰਾਲਾ ਕੀਤਾ ਗਿਆ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰ ਰਹੇ ਕਰਮਚਾਰੀ ਇੰਨੀਆਂ ਘੱਟ ਤਨਖਾਹਾਂ ਕਾਰਨ ਇਸ ਤਰ੍ਹਾਂ ਦਾ ਪਾਰਟ ਟਾਇਮ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ।  ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਵਰਗ ਦੀ ਇਕ ਹੋਣਹਾਰ ਕਰਮਚਾਰੀ ਨਵਜੋਤ ਕੌਰ ਫਤਹਿਗੜ੍ਹ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਸਟੇਟ ਐਵਾਰਡ ਵੀ ਮਿਲ ਰਿਹਾ ਹੈ। ਜ਼ਿਲ੍ਹਾ ਮੀਤ ਪ੍ਰਧਾਨ ਪ੍ਰਿਤਪਾਲ ਸੰਧੂ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਐਸ.ਈ. ਸਾਹਿਬ ਨੂੰ ਅਸੀਂ ਤਨਖ਼ਾਹ ਵਧਾਉਣ ਲਈ ਵਾਰ-ਵਾਰ ਬੇਨਤੀ ਕੀਤੀ ਹੈ, ਕਿਉਂਕਿ ਏ.ਬੀ.ਸੀ. ਨੂੰ ਸਿਰਫ਼ 6500 ਰੁ. ਅਤੇ ਬੀ.ਓ.ਏ ਨੂੰ 5000ਰੁ. ਮਾਣਭੱਤਾ ਦਿੱਤਾ ਜਾਂਦਾ ਹੈ। ਜੋ ਕਿ ਮਹਿੰਗਾਈ ਯੁੱਗ ਵਿੱਚ ਬਹੁਤ ਘੱਟ ਹੈ।








No comments:

Post a Comment

Note: only a member of this blog may post a comment.