Thursday, 15 September 2011

ਖ਼ਬਰ ਸਾਰ 15.09.2011


ਸਕੂਲ ’ਚ ਬੰਬ ਹੋਣ ਬਾਰੇ ਆਏ ਫੋਨ ਨੇ ਪੁਲੀਸ ਨੂੰ ਭਾਜੜਾਂ ਪਾਈਆਂ                                            ਸਕੂਲ ਵਿੱਚ ਛੁੱਟੀ ਕੀਤੀ
ਜਲੰਧਰ ਬਾਈਪਾਸ ਸਥਿਤ ਗਰੀਨ ਲੈਂਡ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਸਵੇਰੇ ਉਸ ਸਮੇਂ ਅਫਰਾ ਤਫਰੀ ਮੱਚ ਗਈ ਜਦੋਂ ਕਿਸੇ ਵਿਅਕਤੀ ਨੇ ਤਾਜਪੁਰ ਰੋਡ ਸਥਿਤ ਪੀ.ਸੀ.ਓ. ਤੋਂ ਟੈਲੀਫੋਨ ਕਰਕੇ ਪੁਲੀਸ ਨੂੰ ਸੂਚਿਤ ਕੀਤਾ ਕਿ ਸਕੂਲ ਵਿੱਚ ਤਿੰਨ ਬੰਬ ਰੱਖੇ ਗਏ ਹਨ। ਇਹ ਘਟਨਾ ਅੱਜ ਸਵੇਰੇ 7 ਵਜੇ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ 100 ਨੰਬਰ ’ਤੇ ਟੈਲੀਫੋਨ ਕਰਕੇ ਪੁਲੀਸ ਅਪਰੇਟਰ ਨੂੰ ਗਰੀਨ ਲੈਂਡ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਜਾਣਕਾਰੀ ਦਿੱਤੀ ਸੀ। ਪੁਲੀਸ ਅਪਰੇਟਰ ਨੇ ਤੁਰੰਤ  ਇਹ ਸੂਚਨਾ ਲੁਧਿਆਣਾ ਪੁਲੀਸ ਦੇ ਸਾਰੇ ਪੁਆਇੰਟਾਂ ’ਤੇ ਦੇ ਦਿੱਤੀ ਅਥਵਾ ਹਾਈ ਅਲਰਟ ਕਰ ਦਿੱਤਾ। ਸਕੂਲ ਦੇ ਪ੍ਰਧਾਨ ਰਾਜੇਸ਼ ਰੁਦਰਾ ਨੂੰ ਵੀ ਸਕੂਲ ਵਿੱਚ ਬੰਬ ਰੱਖੇ ਹੋਣ ਬਾਰੇ ਟੈਲੀਫੋਨ ਆਇਆ। ਸ੍ਰੀ ਰੁਦਰਾ ਨੇ ਤੁਰੰਤ ਸਕੂਲ ਵਿੱਚ ਜਾ ਕੇ ਛੁੱਟੀ ਦਾ ਐਲਾਨ ਕਰ ਦਿੱਤਾ। ਸ੍ਰੀ ਰੁਦਰਾ ਨੇ ਕਿਹਾ ਕਿ ਭਾਵੇਂ ਇਮਤਿਹਾਨ ਦਾ ਦਿਨ ਹੋਣ ਕਰਕੇ ਛੁੱਟੀ ਦਾ ਫੈਸਲਾ ਨਿਰਾਸ਼ਾ ਵਾਲਾ ਸੀ ਕਿਉਂਕਿ  ਵਿਦਿਆਰਥੀ ਇਮਤਿਹਾਨ ਦੀ ਤਿਆਰੀ ਕਰਕੇ ਆਏ ਸਨ ਪਰ ਉਹ ਕਿਸੇ ਕਿਸਮ  ਦਾ ਜੋਖ਼ਮ ਨਹੀਂ ਉਠਾ ਸਕਦੇ ਸਨ। ਇਸ ਕਰਕੇ ਉਨ੍ਹਾਂ ਨੂੰ ਛੁੱਟੀ ਦਾ ਐਲਾਨ ਕਰਨਾ ਪਿਆ।
ਸੂਚਨਾ ਮਿਲਦੇ ਹੀ ਵੱਡੀ ਗਿਣਤੀ ਪੁਲੀਸ ਅਧਿਕਾਰੀ ਤੇ ਕਰਮਚਾਰੀ ਡਾੱਗ ਸਕੁਐਡ ਤੇ ਮੈਟਲ ਡਿਟੈਕਟਿਵ ਲੈਕੇ ਸਕੂਲ ਵਿੱਚ ਪੁੱਜ ਗਏ ਅਤੇ ਉਨ੍ਹਾਂ ਸਕੂਲ ਦਾ ਹਰ ਕੋਨਾ ਛਾਣ ਦਿੱਤਾ। ਪੁਲੀਸ ਨੇ ਕਲਾਸਰੂਮਾਂ ਤੋਂ ਲੈ ਕੇ ਕੂੜਾ ਦਾਨ, ਖੇਡਾਂ ਦਾ ਸਾਮਾਨ ਆਦਿ ਸਭ ਕੁਝ ਦੀ ਜਾਂਚ ਕੀਤੀ।
ਐਸ.ਐਚ.ਓ. ਸਲੇਮਟਾਬਰੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਕਿਲੀ ਸੀ ਕਿ ਸਕੂਲ ਵਿੱਚ ਤਿੰਨ ਬੰਬ ਰੱਖੇ ਗਏ ਹਨ ਪਰ ਜਾਂਚ ਕਰਨ ’ਤੇ ਉੱਥੇ ਕੋਈ ਬੰਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸਦਾ ਸਿੱਟਾ ਇਹ ਕੱਢਿਆ ਜਾ ਸਕਦਾ ਹੈ ਕਿ ਕਿਸੇ ਵਿਅਕਤੀ ਨੇ ਪੁਲੀਸ ਨੂੰ ਝੂਠੀ ਸੂਚਨਾ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਟੈਲੀਫੋਨ ਕਾਲ ਤਾਜਪੁਰ ਰੋਡ ਸਥਿਤ ਪੀ.ਸੀ.ਓ. ਤੋਂ ਆਈ ਸੀ। ਉਨ੍ਹਾਂ ਦੱਸਿਆ ਕਿ ਪੀ.ਸੀ.ਓ. ਮਾਲਕ ਨੇ ਪੁਲੀਸ ਨੂੰ ਦੱਸਿਆ ਕਿ ਕਾਲ ਕਰਨ ਵਾਲੇ ਦੀ ਉਮਰ 20 ਤੋਂ 24 ਸਾਲ  ਸੀ। ਉਹ ਟੈਲੀਫੋਨ ਕਰਨ ਉਪਰੰਤ ਤੁਰੰਤ  ਉਥੋਂ ਖਿਸਕ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਇਹ ਅਫਵਾਹ ਗਰੀਨ ਲੈਂਡ ਸਕੂਲ ਵਿੱਚ ਹੋ ਰਹੇ ਇਮਤਿਹਾਨਾਂ ਕਾਰਨ ਵੀ ਫੈਲਾਈ ਗਈ ਹੋ ਸਕਦੀ ਹੈ। ਟੈਲੀਫੋਨ ਕਰਨ ਵਾਲੇ ਨੌਜਵਾਨ ਨੇ ਇਹ ਅਫਵਾਹ ਇਮਤਿਹਾਨ ਮੁਲਤਵੀ ਕਰਾਉਣ ਦੇ ਮੱਦੇਨਜ਼ਰ ਵੀ ਫੈਲਾਈ ਹੋ ਸਕਦੀ ਹੈ।  ਸਕੂਲ ਦੇ ਪ੍ਰਧਾਨ ਸ੍ਰੀ ਰੁਦਰਾ ਨੇ ਕਿਹਾ ਕਿ ਜੇ ਅਫਵਾਹ ਫੈਲਾਉਣ ਵਾਲਾ ਸਕੂਲ ਵਿਦਿਆਰਥੀ ਨਿਕਲਿਆਂ ਤਾਂ ਸਕੂਲ ਵੱਲੋਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਬੰਬ ਦੀ ਅਫਵਾਹ ਕਾਰਨ ਪੁਲੀਸ ਨੇ ਇਹਤਿਆਤ ਵਜੋਂ ਚੰਡੀਗੜ੍ਹ ਰੋਡ ਦੇ ਸੈਕਟਰ 32 ਸਥਿਤ ਗਰੀਨ ਲੈਂਡ ਸਕੂਲ ਦੀ ਤਲਾਸ਼ੀ ਵੀ ਲਈ।

                 ਤਕਨੀਕੀ ਸਿੱਖਿਆ ਵਿਭਾਗ ਦਾ ਅਧਿਕਾਰੀ ਮੁਅੱਤਲ

ਪੰਜਾਬ ਸਰਕਾਰ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਸੰਯੁਕਤ ਡਾਇਰੈਕਟਰ ਜਗਜੀਤ ਸਿੰਘ ਨੂੰ ਮਅੱਤਲ ਕਰਨ ਦੇ ਹੁਕਮ ਦਿੱਤੇ ਹਨ। ਤਕਨੀਕੀ ਸਿੱਖਿਆ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕੁਝ ਦਿਨ ਪਹਿਲਾਂ ਹੀ ਇਸ ਅਧਿਕਾਰੀ ਮੁਅੱਤਲੀ ਦੀ ਸਿਫਾਰਸ਼ ਕੀਤੀ ਸੀ। ਇਨ੍ਹਾਂ ਸਿਫਾਰਸ਼ਾਂ ਨੂੰ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਸੁਰੇਸ਼ ਕੁਮਾਰ ਨੇ ਪ੍ਰਵਾਨ ਕਰ ਲਿਆ। ਸੂਤਰਾਂ ਦਾ ਦੱਸਣਾ ਹੈ ਕਿ ਇਸ ਅਧਿਕਾਰੀ ’ਤੇ ਲੱਖਾਂ ਰੁਪਏ ਦੀ ਖਰੀਦ ਦੇ ਆਰਡਰ ਨੂੰ ਗਲਤ ਢੰਗ ਨਾਲ ਪੁਰਾਣੀ ਮਿਤੀ ਵਿੱਚ ਜਾਰੀ ਕਰਨ ਦੇ ਦੋਸ਼ ਲੱਗੇ ਹਨ। ਵਿਭਾਗ ਵੱਲੋਂ ਆਈ.ਟੀ.ਆਈਜ਼. ਵਿੱਚ ਸੈਰ ਸਪਾਟਾ ਅਤੇ ਹੋਟਲ ਮੈਨੇਜਮੈਂਟ ਨਾਲ ਸਬੰਧਤ ਕੁਝ ਕੋਰਸ ਸ਼ੁਰੂ ਕੀਤੇ ਜਾਣੇ ਹਨ। ਇਨ੍ਹਾਂ ਕੋਰਸਾਂ ਲਈ ਸਮਾਨ ਦੀ ਖਰੀਦੋ-ਫਰੋਖਤ ਲਈ ਆਈ.ਏ.ਐਸ. ਅਧਿਕਾਰੀ ਵਿਵੇਕ ਪ੍ਰਤਾਪ ਸਿੰਘ ਜੋ ਕਿ ਉਸ ਸਮੇਂ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਸਨ, ਵੱਲੋਂ 29 ਜੁਲਾਈ ਨੂੰ ਖਰੀਦੋ ਫਰੋਖਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ।  ਸੂਤਰਾਂ ਦਾ ਦੱਸਣਾ ਹੈ ਕਿ ਜਗਜੀਤ ਸਿੰਘ ਵੱਲੋਂ ਖਰੀਦ ਦੇ ਆਰਡਰ ਜਾਰੀ ਕਰਨ ਦੀ ਕਾਰਵਾਈ 27 ਜੁਲਾਈ ਭਾਵ ਦੋ ਦਿਨ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਹ ਮਾਮਲਾ ਸ੍ਰੀ ਜਿਆਣੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਝੱਟ ਹੀ ਉਕਤ ਅਧਿਕਾਰੀ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਉਂਜ ਇਹ ਹੁਕਮ ਕਈ ਦਿਨ ਤੱਕ ਫਾਈਲਾਂ ਵਿੱਚ ਹੀ ਰਹੇ। ਸੂਤਰਾਂ ਮੁਤਾਬਕ ਸੀਨੀਅਰ ਅਧਿਕਾਰੀਆਂ ਵੱਲੋਂ ਤਰਕ ਦਿੱਤਾ ਜਾ ਰਿਹਾ ਸੀ ਕਿ ਸਿੱਧੇ ਮੁਅੱਤਲੀ ਦੇ ਹੁਕਮ ਦੇਣ ਤੋਂ ਪਹਿਲਾਂ ਪੜਤਾਲ ਕਰਵਾ ਲਈ ਜਾਵੇ ਤੇ ਉਹ ਖਰੀਦ ਆਰਡਰ ਵੀ ਰੱਦ ਕੀਤਾ ਜਾਵੇ ਜਿਸ ਦੇ ਨਾਂ ਉਤੇ ਜਗਜੀਤ ਸਿੰਘ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ।



 ਪੰਜਾਬੀ ’ਵਰਸਿਟੀ ਆਰਥਿਕ ਸੰਕਟ ’ਚੋਂ ਨਿਕਲ ਕੇ ਬੁਲੰਦੀਆਂ ਵੱਲ ਵਧੀ: ਡਾ. ਜਸਪਾਲ ਸਿੰਘ
ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਮਾਲੀ ਸੰਕਟ ਵਿੱਚੋਂ ਨਿਕਲ ਕੇ ਬੁਲੰਦੀਆਂ ਨੂੰ ਛੂਹ ਰਹੀ ਹੈ ਜਿਸ ਕਰਕੇ ਅਨੇਕਾਂ ਨਵੇਂ ਕੋਰਸ ਅਤੇ ਹੋਰ  ਸਹੂਲਤਾਂ ਪ੍ਰਾਪਤ ਹੋਣ ਕਰਕੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਹੈ। ਇਹ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ ਕੁਲਪਤੀ ਡਾ. ਜਸਪਾਲ ਸਿੰਘ ਨੇ ਅੱਜ ਸਥਾਨਕ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਦੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ  ਨੂੰ ਫਾਊਂਡੇਸ਼ਨ ਵੱਲੋਂ ਵਜ਼ੀਫੇ ਦੇਣ ਲਈ ਰੱਖੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੀ ਗਰਾਂਟ ਦੁੱਗਣੀ ਕਰਦਿਆਂ ਪੰਜਾਹ  ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਨ੍ਹਾਂ ’ਚੋਂ  ਨੌਂ ਕਰੋੜ ਅੱਸੀ ਲੱਖ ਰੁਪਏ ਦਾ ਚੈੱਕ ਮਿਲ ਚੁੱਕਾ ਹੈ।  ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਿੱਖਿਆਰਥੀਆਂ ਨੂੰ ਨੈੱਟ ਦੇ ਟੈਸਟ ਜਾਂ ਅਧਿਆਪਨ  ਕੋਰਸਾਂ ਦਾ ਦੁਹਰਾਓ ਕਰਨ ਲਈ ਦੂਜੀਆਂ ਯੂਨੀਵਰਸਿਟੀਆਂ ’ਚ ਜਾਣਾ ਪੈਂਦਾ ਸੀ, ਪਰ ਹੁਣ ਪਟਿਆਲਾ ਯੂਨੀਵਰਸਿਟੀ ਅੰਦਰ ਹੀ ਸੈਂਟਰ ਸਥਾਪਤ ਕੀਤੇ ਗਏ ਹਨ। ਯੂਨੀਵਰਸਿਟੀ ਅੰਦਰ ਜਿੱਥੇ ਨਵੇਂ ਹੋਸਟਲ ਉਸਾਰੇ ਜਾ ਰਹੇ ਹਨ ਉੱਥੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਸੇਵਾ-ਮੁਕਤੀ ਤੋਂ ਬਾਅਦ ਉਨ੍ਹਾਂ ਲਈ ਸੋਲ੍ਹਾ ਫਲੈਟ ਉਸਾਰਨ ਦੀ ਤਜਵੀਜ਼ ਵੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ, ਖੇਡਾਂ ਦੇ ਖੇਤਰ ਵਿੱਚ ਵੀ ਅਹਿਮ ਮੱਲਾਂ ਮਾਰ ਰਹੀ ਹੈ। ਉੱਪ ਕੁਲਪਤੀ ਨੇ ਨਾਰਥ-ਸਾਊਥ ਫਾਊਂਡੇਸ਼ਨ ਦੇ ਪ੍ਰਧਾਨ ਸੀ.ਆਰ. ਸੋਫਤ ਦਾ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ ਧੰਨਵਾਦ ਕਰਦਿਆਂ ਅਗਲੇ ਸਾਲ ਇਸ ਤੋਂ ਵੱਧ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਦੀ ਅਪੀਲ ਕੀਤੀ।
ਫਾਊਂਡੇਸ਼ਨ ਦੇ ਪ੍ਰਧਾਨ ਸੀ.ਆਰ. ਸੋਫਤ ਨੇ ਕਿਹਾ ਕਿ ਇਹ ਸੰਸਥਾ 1989 ’ਚ ਯੂ.ਐਸ.ਏ. ’ਚ ਹੋਂਦ ’ਚ ਆਈ, ਜਿਸ ਵਿੱਚ ਉਨ੍ਹਾਂ ਦਾ ਲੜਕਾ ਸ਼ਵਿੰਦਰ ਮੈਂਬਰ ਹੈ, ਜਿਨ੍ਹਾਂ ਸਦਕਾ ਹੁਣ ਭਾਰਤ ਤੇ ਪੰਜਾਬ ਦੇ ਸਰਕਾਰੀ ਇੰਜੀਨੀਅਰਿੰਗ ਕਾਲਜਾਂ ’ਚ ਡਿਗਰੀਆਂ-ਡਿਪਲੋਮੇ ਕਰ ਰਹੇ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਲਈ ਸਕਾਲਰਸ਼ਿਪ ਸ਼ੁਰੂ ਕੀਤਾ ਜਾ ਰਹੀ ਹੈ। ਹੁਣ ਤੱਕ ਭਾਰਤ ’ਚ ਪੰਜ ਹਜ਼ਾਰ ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾ ਚੁੱਕਾ ਹੈ।
ਫਾਊਂਡੇਸ਼ਨ ਵੱਲੋਂ ਅੱਜ ਯਾਦਵਿੰਦਰਾ ਕਾਲਜ ਦੇ ਅੱਠ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਚੈੱਕ  ਸੌਂਪੇ ਗਏ। ਇਸ ਮੌਕੇ ਡੀਨ ਪ੍ਰੋਫੈਸਰ ਖ਼ਾਨ, ਰਜਿਸਟਰਾਰ ਡਾਕਟਰ ਮਨਜੀਤ ਸਿੰਘ, ਪ੍ਰਿੰਸੀਪਲ ਵਿਜੈ ਕੁਮਾਰ ਗੁਰੂ ਕਾਸ਼ੀ ਕਾਲਜ, ਯੂ.ਐਸ.ਬੀ.ਐਸ. ਇੰਚਾਰਜ ਡਾਕਟਰ ਅਮਨਦੀਪ ਸਿੰਘ ਸ਼ਾਮਲ ਸਨ।




No comments:

Post a Comment

Note: only a member of this blog may post a comment.