Tuesday, 29 November 2011

Salary with old grades.. & more news 29.11.2011

ਹਾਵੀ ਹੋਇਆ ਰਾਜਸੀ ਆਗੂਆਂ ਵੱਲੋਂ ਟੀ. ਵੀ. ਚੈਨਲ ਚਲਾਉਣ ਦਾ ਰੁਝਾਨ
ਗੁਰਸੇਵਕ ਸਿੰਘ ਸੋਹਲ
ਚੰਡੀਗੜ, 28 ਨਵੰਬਰ-ਸਿਆਸੀ ਪਰਿਵਾਰਾਂ ਵੱਲੋਂ ਆਪਣੇ ਟੀ. ਵੀ. ਚੈਨਲ ਅਤੇ ਮੀਡੀਆ ਹਾਊਸ ਚਲਾਉਣ ਦਾ ਰੁਝਾਨ ਇਸੇ ਵੇਲੇ ਪੂਰੇ ਦੇਸ਼ ਵਿਚ ਹਾਵੀ ਹੋ ਚੁੱਕਾ ਹੈ। ਖੇਤਰੀ ਅਤੇ ਰਾਸ਼ਟਰੀ ਪੱਧਰ ਦੀਆਂ ਸਿਆਸੀ ਪਾਰਟੀਆਂ ਨਾਲ ਸਬੰਧਿਤ ਦਰਜਨਾਂ ਘਰਾਣੇ ਇਸ ਕਾਰੋਬਾਰ 'ਚ ਆਪਣੀ ਮੌਜਦੂਗੀ ਦਰਜ ਕਰਾ ਚੁੱਕੇ ਹਨ ਹਨ। ਰਾਜਸੀ ਹਲਕਿਆਂ ਵਿਚ ਹੁੰਦੀ ਗੁਫ਼ਤਗੂ ਨੂੰ ਵਾਚੀਏ ਤਾਂ ਪੰਜਾਬ ਦੀਆਂ ਦੋਵੇਂ ਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਇਸ ਸਮੇਂ ਆਪੋ-ਆਪਣੇ ਟੀ. ਵੀ. ਚੈਨਲ ਨੂੰ ਲੈ ਕੇ ਚਰਚਾ 'ਚ ਹਨ। ਪੰਜਾਬ ਵਿਚ ਟੈਲੀਕਾਸਟ ਹੁੰਦੇ ਇਕ ਚੈਨਲ ਨੂੰ ਸ਼ੋਮਣੀ ਅਕਾਲੀ ਦਲ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਵਿਰੋਧੀ ਧਿਰਾਂ ਦੇ ਸਾਰੇ ਆਗੂ ਇਸ ਚੈਨਲ ਦੀ ਮਾਲਕੀ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਜੇਕਰ ਸਿਆਸੀ ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਤੇ ਸ: ਭਰਤਇੰਦਰ ਸਿੰਘ ਚਾਹਲ ਦੇ ਬੇਹੱਦ ਕਰੀਬੀ ਮੋਗਾ ਤੋਂ ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆ ਵੱਲੋਂ ਵੀ ਆਪਣਾ ਟੀ. ਵੀ. ਚੈਨਲ ਚਲਾਇਆ ਜਾ ਰਿਹਾ ਹੈ। ਅਕਾਲੀ ਦਲ ਦੇ ਐਨ. ਆਰ. ਆਈ. ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਵੀ ਟੀ. ਵੀ. ਚੈਨਲ ਕਾਰੋਬਾਰ 'ਚ ਕੁੱਦੇ ਸਨ, ਪਰ ਉਹ ਸਫਲ ਨਹੀਂ ਹੋ ਸਕੇ ਜਿਸ ਕਾਰਨ ਉਨ੍ਹਾਂ ਡੀ. ਟੀ. ਵੀ. ਚੈਨਲ ਅੱਗੇ ਵੇਚ ਦਿੱਤਾ। ਪੰਜਾਬ 'ਚ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਏ ਇਕ ਚੈਨਲ ਦੀਆਂ ਨਜ਼ਦੀਕੀਆਂ ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਦੱਸੀਆਂ ਜਾ ਰਹੀਆਂ ਹਨ। ਪੰਜਾਬ ਤੋਂ ਬਿਨ੍ਹਾਂ ਉੱਤਰੀ ਭਾਰਤ 'ਚ ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਬਿਹਾਰ ਵਿਚ ਇਸ ਵੇਲੇ ਦੋ ਦਰਜਨ ਟੀ. ਵੀ. ਚੈਨਲ ਅਜਿਹੇ ਹਨ, ਜਿਨ੍ਹਾਂ 'ਚ ਸਿਆਸੀ ਘਰਾਣਿਆਂ ਦੀ ਮਾਲਕੀ ਜਾਂ ਹਿੱਸੇਦਾਰੀ ਹੈ। ਟੀ. ਵੀ. ਚੈਨਲ ਦੌੜ 'ਚ ਅਜਿਹੇ ਚੈਨਲਾਂ ਦੀ ਗਿਣਤੀ ਵੀ ਘੱਟ ਨਹੀਂ, ਜੋ ਕਿਸੇ ਪਾਰਟੀ ਦੇ ਸੱਤਾ 'ਚ ਆਉਣ ਨਾਲ ਜਨਮ ਲੈਂਦੇ ਹਨ ਅਤੇ ਸਰਕਾਰ ਜਾਂਦਿਆਂ ਹੀ ਅਲੋਪ ਹੋ ਜਾਂਦੇ ਹਨ। ਪੰਜਾਬ 'ਚ ਪਿਛਲੀ ਕੈਪਟਨ ਸਰਕਾਰ ਮੌਕੇ ਸ਼ੁਰੂ ਹੋਇਆ 'ਪੰਜਾਬ ਟੂਡੇ' ਚੈਨਲ ਇਸ ਦੀ ਪ੍ਰੱਤਖ ਮਿਸਾਲ ਹੈ। ਅੱਜ ਕੱਲ੍ਹ 'ਪੰਜਾਬ ਟੂਡੇ' ਹਰਿਆਣਾ ਵਿਚ 'ਹਰਿਆਣਾ ਟੂਡੇ' ਵਜੋਂ ਚੱਲ ਰਿਹਾ ਹੈ। ਹਰਿਆਣਾ 'ਚ ਇਸ ਸਮੇਂ ਵਿਆਪਕ ਪੱਧਰ 'ਤੇ ਦੇਖਿਆ ਜਾਣ ਵਾਲਾ 'ਇੰਡੀਆ ਨਿਊਜ਼ ਹਰਿਆਣਾ' ਵੀ ਹਰਿਆਣਾ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਵਿਧਾਇਕ ਵਿਨੋਦ ਸ਼ਰਮਾ ਨਾਲ ਸਬੰਧਿਤ ਹੈ।  ਕਾਂਗਰਸ ਦੇ ਹੀ ਸੀਨੀਅਰ ਨੇਤਾ ਰਾਜੀਵ ਸ਼ੁਕਲਾ 'ਨਿਊਜ਼ 24' ਨਾਮ ਦਾ ਟੀ.ਵੀ. ਚੈਨਲ ਚਲਾ ਰਹੇ ਹਨ। ਇਸ ਰੁਝਾਨ ਦੀ ਸ਼ੁਰੂਆਤ ਕਰਨ ਵਾਲੇ ਦੱਖਣੀ ਭਾਰਤ ਦੇ ਟੀ. ਵੀ. ਮੀਡੀਆ 'ਤੇ ਪੰਛੀ ਝਾਤ ਮਾਰਦਿਆਂ ਸਪੱਸ਼ਟ ਹੁੰਦਾ ਹੈ ਕਿ ਉਥੋਂ ਦੇ ਸਿਆਸੀ ਪਰਿਵਾਰ ਟੀ. ਵੀ. ਮੀਡੀਆ ਦਾ ਐਨੀ ਵੱਡੀ ਗਿਣਤੀ 'ਚ ਸਿੱਧੇ ਤੌਰ 'ਤੇ ਹਿੱਸਾ ਬਣ ਚੁੱਕੇ ਹਨ ਕਿ ਸਿਆਸੀ ਦੂਸ਼ਣਬਾਜੀ 'ਚ ਟੀ. ਵੀ. ਚੈਨਲਾਂ ਦੀ ਮਾਲਕੀ ਸਿਆਸੀ ਮੁੱਦਾ ਹੀ ਨਹੀਂ ਬਣਦੀ। ਤਮਿਲਨਾਡੂ 'ਚ ਕਰੁਣਾਨਿਧੀ ਦੇ ਪਰਿਵਾਰ ਵੱਲੋਂ ਚਲਾਏ ਜਾਂਦੇ ਮੁਰਾਸ਼ੌਲੀ ਨਾਂ ਦੇ ਅਖਬਾਰ ਅਤੇ 'ਕਲੈਗਨਰ' ਟੀ.ਵੀ. ਚੈਨਲ ਨੂੰ ਇਨ੍ਹੀਂ ਦਿਨੀਂ ਅਜਿਹੀ ਹੀ ਬਦਨਾਮੀ ਝੱਲਣੀ ਪੈ ਰਹੀ ਹੈ। ਕਰੁਣਾਨਿਧੀ ਪਰਿਵਾਰ ਨਾਲ ਸਬੰਧਿਤ ਇਹ ਮੀਡੀਆ ਹਾਊਸ ਬਹੁਚਰਚਿਤ ਟੂ-ਜੀ ਸਪੈਕਟ੍ਰਮ ਅਤੇ ਕੁਝ ਹੋਰ ਇੱਕਾ ਦੁੱਕਾ ਘਪਲਿਆਂ ਕਾਰਨ ਆਲੋਚਨਾ ਦਾ ਸ਼ਿਕਾਰ ਬਣੇ ਹੋਏ ਹਨ। ਕੇਂਦਰੀ ਮੰਤਰੀ ਅਤੇ ਐਨ. ਸੀ. ਪੀ. ਪ੍ਰਮੁੱਖ ਸ਼ਰਦ ਪਵਾਰ ਦੇ ਸਕਾਲ ਪੇਪਰ ਲਿਮਟਿਡ ਵੱਲੋਂ ਅਖਬਾਰ ਦੇ ਨਾਲ-ਨਾਲ ਮਰਾਠੀ ਟੀ.ਵੀ. ਚੈਨਲ ਵੀ ਚਲਾਇਆ ਜਾ ਰਿਹਾ ਹੈ। ਮਹਾਰਾਸ਼ਟਰ ਦਾ ਟੀ. ਵੀ. 18 ਅਤੇ ਆਈ. ਬੀ. ਐਨ. ਜਨਮਤ ਵੀ ਉਥੋਂ ਦੇ ਸਿੱਖਿਆ ਮੰਤਰੀ ਰਾਜੇਂਦਰ ਦਰੜਾ ਅਤੇ ਰਾਜਸਭਾ ਮੈਂਬਰ ਵਿਜੈ ਦਰੜਾ ਦਾ ਹੈ।
ਆਂਧਰਾ ਪ੍ਰਦੇਸ਼ ਦੇ ਸਾਖਸ਼ੀ ਟੀ.ਵੀ. ਚੈਨਲ ਦੇ ਮਾਲਕ ਕਾਂਗਰਸ ਦੇ ਸਾਬਕਾ ਐਮ.ਪੀ. ਜਗਨਮੋਹਨ ਰੈਡੀ 2 ਹੋਰ ਚੈਨਲ ਐਨ. ਟੀ. ਵੀ. ਅਤੇ ਟੀ. ਵੀ.-5 ਚਲਾ ਰਹੇ ਹਨ। ਤੇਲਗੂ ਦੇਸ਼ਮ ਪਾਰਟੀ ਦੇ ਪ੍ਰਮੁੱਖ ਚੰਦਰ ਬਾਬੂ ਨਾਇਡੂ ਦੇ ਇਕ ਬੇਹੱਦ ਕਰੀਬੀ ਨਾਰਨੇ ਸ਼੍ਰੀ ਨਿਵਾਸ ਨੇ ਸਟੂਡੀਓ ਐਨ. ਸ਼ੁਰੂ ਕਰ ਦਿੱਤਾ ਹੈ। ਉੜੀਸਾ ਦੇ ਅੱਧਾ ਦਰਜਨ ਟੀ.ਵੀ. ਚੈਨਲ ਨੇਤਾਵਾਂ ਤੇ ਉਨ੍ਹਾਂ ਦੇ ਕਰੀਬੀਆਂ ਦੇ ਹਨ। ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਐਚ. ਡੀ. ਦੇਵਗੌੜਾ ਦੇ ਪੁੱਤਰ ਅਤੇ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਐਚ. ਡੀ. ਕੁਮਾਰਾਸਵਾਮੀ ਦਾ ਕਸੂਤਰੀ ਟੀ. ਵੀ., ਕਰਨਾਟਕਾ ਦੇ ਹੀ ਮੰਤਰੀ ਜਨਾਰਦਨ ਰੈਡੀ ਅਤੇ ਸਾਇਰਾਮਲੂ ਰੈਡੀ ਦਾ ਜਨ ਸ੍ਰੀ ਟੀ.ਵੀੇ. ਚੈਨਲ, ਪੀ. ਐਮ. ਕੇ ਨੇਤਾ ਐਮ ਰਾਮਾ ਦੋਸ ਦਾ ਮਾਖਲ ਟੀ.ਵੀ., ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ.ਵੀ. ਖਾਨਾਕਬਾਲੂ ਦਾ ਮੈਗਾ ਟੀ.ਵੀ. ਅਤੇ ਵਿਜੈ ਕੈਂਥ ਦਾ ਕੈਪਟਨ ਟੀ.ਵੀ., ਮਾਰਨਜ ਦਾ ਸਨ ਟੀ.ਵੀ. ਅਤੇ ਰਾਜ ਸਭਾ ਮੈਂਬਰ ਰਾਜੀਵ ਚੰਦਰਸ਼ੇਖਰ ਨਾਲ ਸੰਬੰਧਿਤ ਏਸ਼ਿਆ ਨੈਟ ਗਰੁੱਪ ਦਾ ਸੁਵਾਰਨਾਂ ਟੀ.ਵੀ. ਚੈਨਲ ਸਮੇਤ ਤਮਿਲਨਾਡੂ, ਕੇਰਲਾ, ਕਰਨਾਟਕਾ ਅਤੇ ਆਧਰਾਂਪ੍ਰਦੇਸ਼ 'ਚ ਅਨੇਕਾਂ ਹੋਰ ਦੱਖਣੀ ਭਾਸ਼ਾਈ ਟੀ.ਵੀ. ਚੈਨਲ ਹਨ, ਜਿਨ੍ਹਾਂ ਦੀ ਮਾਲਕੀ ਉਥੋਂ ਦੇ ਪ੍ਰਮੁੱਖ ਸਿਆਸੀ ਘਰਾਣਿਆ ਨਾਲ ਸਬੰਧਿਤ ਹੈ।






















No comments:

Post a Comment

Note: only a member of this blog may post a comment.