Monday 12 September 2011

ਖ਼ਬਰ ਸਾਰ 12.09.11

  ਮਿਡ-ਡੇਅ ਮੀਲ ਦਾ ਰਾਸ਼ਨ ਵੇਚਦੇ ਕਾਬੂ
ਪੱਤਰ ਪ੍ਰੇਰਕ
ਨਥਾਣਾ, 11 ਸਤੰਬਰ
ਇਥੇ ਮਿਡ-ਡੇਅ ਮੀਲ ਦਾ ਰਾਸ਼ਨ ਦੁਕਾਨ ’ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਇਥੋਂ ਦੇ ਇਕ ਕਲੱਬ ਦੇ ਆਗੂਆਂ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਵਿਕਰੀ ਵਾਸਤੇ ਆਏ ਮਿਡ-ਡੇਅ ਮੀਲ ਦੇ ਰਾਸ਼ਨ ਦੇ ਗੱਟਿਆਂ ਨੂੰ ਰਿਕਸ਼ਾ ਰੇਹੜੀ ਸਮੇਤ ਫੜ ਲਿਆ। ਇਹ ਰਾਸ਼ਨ ਇਥੋਂ ਦੇ ਇਕ ਕਰਿਆਨਾ ਦੁਕਾਨਦਾਰ ਦੇ ਘਰ ਲਾਹਿਆ ਜਾ ਰਿਹਾ ਸੀ। ਰਿਕਸ਼ਾ ਰੇਹੜੀ ਨੂੰ ਰਾਸ਼ਨ ਦੇ ਗੱਟਿਆਂ ਸਮੇਤ ਇਥੋਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਲਿਜਾਇਆ ਗਿਆ। ਸਕੂਲ ਵਿੱਚ ਐਸ.ਐਲ.ਏ. ਵਜੋਂ ਕੰਮ ਕਰਦੀ ਮਿਡ-ਡੇ-ਮੀਲ ਦੀ ਇੰਚਾਰਜ ਮਨਜੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਤੋਂ ਕਣਕ ਅਤੇ ਚੌਲ ਦੇ ਗੱਟੇ ਸੈਲਫ਼ ਹੈਲਪ ਗਰੁੱਪ ਦੀ ਇੰਚਾਰਜ ਨਰੇਸ਼ ਕੁਮਾਰੀ ਇਹ ਕਹਿ ਕੇ ਲੈ ਗਈ ਸੀ ਕਿ ਇਸ ਦੀ ਸਫ਼ਾਈ ਕਰਵਾਉਣੀ ਹੈ।
ਪ੍ਰਿੰਸੀਪਲ ਠਾਕਰ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮਲਕੀਤ ਕੌਰ ਅਤੇ ਪੁਲੀਸ ਨੂੰ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਲਈ ਲਿਖ ਦਿੱਤਾ ਹੈ। ਪੁਲੀਸ ਨੇ ਰਾਸ਼ਨ ਦੇ ਗੱਟਿਆਂ ਸਮੇਤ ਰਿਕਸ਼ਾ ਰੇਹੜੀ ਆਪਣੇ ਕਬਜ਼ੇ ਵਿੱਚ ਲੈ ਕੇ ਰਾਸ਼ਨ ਖਰੀਦਣ ਵਾਲੇ ਦੁਕਾਨਦਾਰ ਪਵਨ ਕੁਮਾਰ ਅਤੇ ਮਦਨ ਲਾਲ ਨੂੰ ਹਿਰਾਸਤ ਵਿੱਚ ਲੈ ਲਿਆ।
ਸੈਲਫ਼ ਹੈਲਪ ਗਰੁੱਪ ਦੀ ਇੰਚਾਰਜ ਨਰੇਸ਼ ਕੁਮਾਰੀ ਦਾ ਕਹਿਣਾ ਸੀ ਕਿ ਬੱਚਿਆਂ ਦੇ ਖਾਣੇ ਵਾਸਤੇ ਪਹਿਲਾਂ ਵਰਤੇ 50 ਕਿੱਲੋ ਚੌਲ ਉਸ ਨੇ ਇਸ ਦੁਕਾਨਦਾਰ ਤੋਂ ਉਧਾਰ ਲਏ ਸਨ, ਜਿਸ ਨੂੰ ਅੱਜ ਵਾਪਸ ਕੀਤਾ ਜਾ ਰਿਹਾ ਸੀ। ਉਸ ਮੁਤਾਬਕ ਇਸ ਰੇਹੜੀ ਵਿੱਚ ਲੱਦੇ ਕਣਕ ਦੇ ਗੱਟੇ ਸਾਫ਼ ਕਰਨ ਲਈ ਕਿਸੇ ਹੋਰ ਘਰ ਲਿਜਾਏ ਜਾਣੇ ਸਨ।
ਇਸ ਸਬੰਧੀ ਸੰਪਰਕ ਕਰਨ ’ਤੇ ਬਾਲ ਵਿਕਾਸ ਅਫ਼ਸਰ ਅਵਿਨਾਸ਼ ਕੌਰ ਵਾਲੀਆ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕਰਨਗੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਅ)  ਮਲਕੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਥਾਣਾ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਸ ਸਬੰਧੀ ਲਿਖਤੀ ਸੂਚਨਾ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨਗੇ।

ਈ.ਟੀ.ਟੀ. ਅਧਿਆਪਕਾਂ ਵੱਲੋਂ ਸੰਘਰਸ਼ ਦੀ ਤਿਆਰੀ
ਪੱਤਰ ਪ੍ਰੇਰਕ
ਮਾਨਸਾ, 11 ਸਤੰਬਰ
ਪੰਚਾਇਤੀ ਰਾਜ ਸਬੰਧਤ ਅਧਿਆਪਕ ਹੁਣ ਸਰਕਾਰ ਨੂੰ ਘੇਰਨ ਲਈ ਮੁੜ ਲਾਮਬੰਦ ਹੋਣ ਲੱਗੇ ਹਨ। ਈ.ਟੀ.ਟੀ ਟੀਚਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸੂਬੇ ਦੇ 13000 ਅਧਿਆਪਕਾਂ ਦੀ ਸਮੇਤ ਸਿੱਖਿਆ ਵਿਭਾਗ ਵਿੱਚ ਵਾਪਸੀ ਦੇ ਸਿਧਾਂਤਕ ਘੋਲ ਲਈ ਜਥੇਬੰਦੀ ਵੱਲੋਂ ਆਪਣੇ ਸੰਗਠਨ ਨੂੰ ਪੱਕੇ ਪੈਰੀਂ ਕਰਨ ਲਈ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਅਤੇ ਹਕੂਮਤ ਵਿਰੁੱਧ ਸੰਘਰਸ਼ ਸਬੰਧੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਜਥੇਬੰਦੀ ਦੀ ਸੂਬਾਈ ਕੋਰ ਕਮੇਟੀ ਦੇ ਆਗੂ ਜਗਸੀਰ ਸਿੰਘ ਸਹੋਤਾ, ਹਰਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਥੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਦੌਰਾਨ ਸੈਂਕੜੇ ਅਧਿਆਪਕਾਂ ਨੇ ਅਹਿਦ ਲਿਆ ਕਿ ਹੁਣ ਸਰਕਾਰ ਵਿਰੁੱਧ ਵਿੱਢੀ ਜਾ ਰਹੀ ਹੱਕੀ ਜੰਗ ਵਿਚ ਉਹ ਪ੍ਰਮੁੱਖ ਭੂਮਿਕਾ ਨਿਭਾਉਣਗੇ। ਸੂਬਾ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੇ 13000 ਈ.ਟੀ.ਟੀ. ਅਧਿਆਪਕਾਂ ਅਤੇ ਪੇ-ਗਰੇਡ 10300+34800+ 4200 ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਜਾ ਰਹੇ ਵੱਡੇ ਅੰਦੋਲਨ ਵਿੱਚ ਨਿਤਰਨ ਲਈ ਤਿਆਰ ਰਹਿਣ।
ਆਗੂਆਂ ਨੇ ਪੰਚਾਇਤੀ ਰਾਜ ਅਧੀਨ ਬਣ ਰਹੇ ਡਾਇਰੈਕਟੋਰੇਟ ਦੀ ਸਖ਼ਤ ਵਿਰੋਧਤਾ ਕੀਤੀ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਨੂੰ ਕਿਸੇ ਵੀ ਸੂਰਤ ਵਿੱਚ ਬਣਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਉਚ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਰੈਗੂਲਰ ਨੌਕਰੀਆਂ ਦੇਣ ਦੀ ਥਾਂ ਠੇਕੇ ‘ਤੇ ਭਰਤੀ ਕਰਕੇ ਉਨ੍ਹਾਂ ਨਾਲ ਮਜ਼ਾਕ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਸਬੰਧੀ ਕੋਈ ਵੀ ਸਾਰਥਿਕ ਨੀਤੀ ਨਹੀਂ ਬਣਾਈ ਜਿਸ ਕਾਰਨ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੈ ਅਤੇ ਸਕੂਲ ਅਨੇਕਾਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ।ਕਨਵੈਨਸ਼ਨ ਵਿਚ 12 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਕੁਲਵਿੰਦਰ ਸਿੰਘ, ਸੁਦਰਸ਼ਨ ਕੁਮਾਰ ਰਾਜੂ, ਮਨਜੀਤ ਕਟੋੜਾ, ਬਲਵਿੰਦਰ ਭੀਖੀ, ਸਿਕੰਦਰ ਸਿੰਘ, ਅਕਬਰ ਸਿੰਘ ਬੱਪੀਆਣਾ, ਜਗਤਾਰ ਸਿੰਘ ਮੀਰਪੁਰ, ਜਗਸੀਰ ਸਿੰਘ ਮੀਰਪੁਰ ਨੇ ਸੰਬੋਧਨ ਕੀਤਾ।

 ਅਧਿਆਪਕਾਂ ਤੇ ਨਿੱਜੀ ਬੱਸ ਅਪਰੇਟਰਾਂ ‘ਚ ਖੜਕੀ
ਪੱਤਰ ਪ੍ਰੇਰਕ
ਬਰਨਾਲਾ,11 ਸਤੰਬਰ
ਇਥੇ ਬੱਸ ਅੱਡੇ ‘ਚ ਅੱਜ ਉਸ ਸਮੇਂ ਹਾਲਾਤ ਨਾਜ਼ੁਕ ਹੋ ਗਏ, ਜਦੋਂ ਬੇਰਜ਼ੁਗਾਰ ਅਧਿਆਪਕਾਂ ਵੱਲੋਂ ਬੱਸ ਅੱਡੇ ਦਾ ਘਿਰਾਓ ਕੀਤਾ ਜਾ ਰਿਹਾ ਸੀ ਤਾਂ ਕੁਝ ਨਿੱਜੀ ਬੱਸ ਅਪਰੇਟਰਾਂ ਵੱਲੋਂ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਥਿਤੀ ਨੂੰ ਵਿਗੜਦੀ ਦੇਖ ਐਸ.ਐਚ.ਓ. ਕੋਤਵਾਲੀ ਇੰਚਾਰਜ ਰਾਜੇਸ਼ ਕੁਮਾਰ ਸੁਨੇਹੀ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।
ਇਸ ਦੌਰਾਨ ਜਦੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਬੱਸ ਅੱਡੇ ਦੇ ਮੇਨ ਗੇਟ ‘ਤੇ ਘਿਰਾਓ ਕੀਤਾ ਜਾ ਰਿਹਾ ਸੀ ਤਾਂ ਸੱਤਾਧਾਰੀ ਅਕਾਲੀ ਦਲ ਦੇ ਆਗੂ ਦੇ ਖਾਸਮਖਾਸ ਇੱਕ ਟਰਾਂਸਪੋਰਟਰ ਦੇ ਬੰਦਿਆਂ ਵੱਲੋਂ ਧੱਕੇ ਨਾਲ ਬੇਰੁਜ਼ਗਾਰ ਅਧਿਆਪਕਾਂ ਦਾ ਘਿਰਾਓ ਤੋੜ ਕੇ ਬੱਸਾਂ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ। ਸਥਿਤੀ ਨਾਜ਼ੁਕ ਹੁੰਦੀ ਦੇਖ ਪੁਲੀਸ ਵੱਲੋਂ ਬੱਸਾਂ ਨੂੰ ਰੋਕਿਆ ਗਿਆ ਪਰ ਇਸ ਦਰਮਿਆਨ ਕੁਝ ਨਿੱਜੀ ਬੱਸ ਅਪਰੇਟਰਾਂ ਦੇ ਬੰਦੇ ਲਾਠੀਆਂ ਤੇ ਬੇਸਬਾਲ ਲੈ ਕੇ ਆ ਗਏ, ਇਸ ‘ਤੇ ਪੁਲੀਸ ਵੱਲੋਂ ਅੱਗੋਂ ਸਖਤੀ ਵਰਤਣ ਦੀ ਚੇਤਵਾਨੀ ਦਿੱਤੀ ਗਈ। ਇਕ ਵਾਰ ਸਥਿਤੀ ਅਜਿਹੀ ਬਣ ਗਈ ਕਿ ਇੱਕ ਵਿਅਕਤੀ ਵੱਲੋਂ ਐਸ.ਐਚ.ਓ. ਸੁਨੇਹੀ ਨਾਲ ਹੱਥੋਪਾਈ ਹੋਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲੀਸ ਨੇ ਬੜੀ ਸੂਝਬੂਝ ਨਾਲ ਸਥਿਤੀ ਨੂੰ ਸੰਭਾਲ ਲਿਆ ਅਤੇ ਤਰੁੰਤ ਨਾਇਬ ਤਹਿਸੀਲਦਾਰ ਬਰਨਾਲਾ ਕੰਵਰਪ੍ਰੀਤਪੁਰੀ ਨੂੰ ਬੁਲਾ ਕੇ ਘਿਰਾਉ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਤੋਂ ਮੰਗ ਪੱਤਰ ਲੈ ਕੇ ਉਨ੍ਹਾਂ ਨੂੰ ਸਾਂਤ ਕਰਕੇ ਧਰਨਾ ਚੁਕਾ ਦਿੱਤਾ।







No comments:

Post a Comment

Note: only a member of this blog may post a comment.