Thursday, 5 July 2012

EXTENDED VACATIONS for PRIMARY TEACHERS,PARHO PUNJAB & more news 05.07.2012










ਅਥਾਹ ਤਜਰਬੇ ਦੇ ਮੁਕਾਬਲੇ ਬਹੁਤ ਹੀ ਹਲਕੀ ਟਿੱਪਣੀ ਕਰਕੇ ਬਾਦਲ ਸਾਹਿਬ ਨੇ ਆਪਣੀ ਵੱਡੀ ਜਿੱਤ ਨੂੰ ਖੁਦ ਹੀ ਦਾਗ ਲਾ ਲਿਆ

ਬਠਿੰਡਾ/ ਜੁਲਾਈ/ ਬੀ ਐਸ ਭੁੱਲਰ


       ਹਮਦਰਦੀ ਨੂੰ ਜੇ ਇੱਕ ਪੈਮਾਨਾ ਮੰਨਿਆਂ ਜਾਵੇ ਤਾਂ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਮੁਕਾਬਲਤਨ ਗਾਇਕ ਤੋਂ ਵਿਧਾਇਕ ਬਣੇ ਉਸ ਮੁਹੰਮਦ ਸਦੀਕ ਨੂੰ ਜਾਗਰਿਤ ਲੋਕਾਂ ਤੇ ਅਧਾਰਤ ਚੋਣ ਮੰਡਲ ਦੇ ਵੋਟ ਅੱਜ ਕੱਲ੍ਹ ਵੱਧ ਪ੍ਰਾਪਤ ਹੋ ਰਹੇ ਹਨ, ਪੰਜਾਬ ਵਿਧਾਨ ਸਭਾ ਦੇ ਲੰਘੇ ਸੈਸਨ ਦੌਰਾਨ ਜੋ ਆਪਣੇ ਜੀਵਨ ਦੀ ਸਭ ਤੋਂ ਵੱਡੀ ਜਲਾਲਤ ਦਾ ਸਾਹਮਣਾ ਕਰ ਚੁੱਕਾ ਹੈ।

ਹਰਮਨਪਿਆਰਤਾ ਅਤੇ ਜਖ਼ਮਾਂ ਦੇ ਪੱਖ ਤੋਂ ਸ੍ਰ: ਬਾਦਲ ਅਤੇ ਮੁਹੰਮਦ ਸਦੀਕ ਦੀਆਂ ਸਮਾਨਤਾਵਾਂ ਮਿਲਦੀਆਂ ਜੁਲਦੀਆਂ ਹਨ। ਜੇਕਰ ਸੀਨੀਅਰ ਬਾਦਲ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦੀ ਸਿਆਸਤ ਦਾ ਇੱਕ ਨਿਵੇਕਲਾ ਸ਼ਾਹਸਵਾਰ ਚਲੇ ਆ ਰਹੇ ਹਨ, ਤਾਂ ਘੱਟ ਮੁਹੰਮਦ ਸਦੀਕ ਵੀ ਨਹੀਂ। ਅੱਲ੍ਹੜ ਉਮਰ ਦੇ ਜਵਾਨਾਂ ਤੋਂ ਲੈ ਕੇ ਪੰਜਾਬ ਦੇ ਗਲੀਆਂ ਕੂਚਿਆਂ ’ਚ ਅਜਿਹੇ ਬਜੁਰਗਾਂ ਦੀ ਗਿਣਤੀ ਵੀ ਬੇਸ਼ੁਮਾਰ ਹੈ, ਜੋ ਮੁਹੰਮਦ ਸਦੀਕ ਦੀ ਲੋਕ ਗਾਇਕੀ ਦੇ ਕਾਇਲ ਹਨ।

ਆਪਣੇ ਲੰਬੇ ਸਿਆਸੀ ਜੀਵਨ ਦੌਰਾਨ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ 1967 ਵਿੱਚ ਉਦੋਂ ਇੱਕ ਰਾਜਸੀ ਜਖ਼ਮ ਦਾ ਸਾਹਮਣਾ ਕਰਨਾ ਪਿਆ ਸੀ, ਜਦ ਉਹ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ੍ਰ: ਹਰਚਰਨ ਸਿੰਘ ਬਰਾੜ ਦੇ ਮੁਕਾਬਲੇ ਸੌ ਤੋਂ ਵੀ ਘੱਟ ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਸਨ। ਦੂਜੇ ਪਾਸੇ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਮੁਹੰਮਦ ਸਦੀਕ ਨੂੰ ਵੀ ਜਿਸਮਾਨੀ ਫੱਟਾਂ ਦਾ ਸਾਹਮਣਾ ਕਰਨਾ ਪਿਆ ਸੀ, ਜਦ ਲੁਧਿਆਣਾ ਵਿਖੇ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਹਨਾਂ ਤੇ ਅੰਗ ਤੋੜ ਦਿੱਤੇ ਸਨ।
ਇਹ ਵੀ ਇੱਕ ਇਤਫ਼ਾਕ ਹੀ ਹੈ ਕਿ ਜਦ ਚੌਦਵੀਂ ਵਿਧਾਨ ਸਭਾ ਨੇ ਹੋਈ ਚੋਣ ਦੌਰਾਨ ਲਗਾਤਾਰਤਾ ਨੂੰ ਜਾਰੀ ਰਖਦਿਆਂ ਸ੍ਰ: ਬਾਦਲ ਪੰਜਵੀਂ ਵਾਰ ਮੁੱਖ ਮੰਤਰੀ ਬਣ ਕੇ ਇੱਕ ਰਿਕਾਰਡ ਕਾਇਮ ਕਰ ਚੁੱਕੇ ਹਨ, ਠੀਕ ਉਸੇ ਵੇਲੇ ਉਹਨਾਂ ਦੇ ਬੇਹੱਦ ਕਰੀਬੀ ਪ੍ਰਿੰਸੀਪਲ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਨੂੰ ਭਦੌੜ ਹਲਕੇ ਤੋਂ ਹਰਾ ਕੇ ਸਿਰਫ ਪੰਜਾਬੀ ਅਤੇ ਉਰਦੂ ਦੇ ਅੱਖਰ ਗਿਆਨ ਤੋਂ ਜਾਣੂ ਮੁਹੰਮਦ ਸਦੀਕ ਵਿਧਾਨ ਸਭਾ ਦੇ ਮੈਂਬਰ ਬਣਨ ਵਿੱਚ ਸਫਲ ਹੋ ਗਏ।

ਸਮਾਨਤਾਵਾਂ ਦੇ ਨਾਲ ਨਾਲ ਦੋਵਾਂ ਸਖ਼ਸੀਅਤਾਂ ਦੀ ਪਹੁੰਚ ਵਿਚਲਾ ਵਿਖਰੇਵਾਂ ਵੀ ਸਪਸਟ ਹੈ। ਅੱਤਵਾਦ ਦੀ ਹਨੇਰਗਰਦੀ ਵੇਲੇ ਜੇ ਸ੍ਰ: ਬਾਦਲ ਅੱਤਵਾਦੀਆਂ ਨੂੰ ਭਾਈ ਦੇ ਵਿਸੇਸਣ ਨਾਲ ਸੰਬੋਧਨ ਕਰਕੇ ਉਹਨਾਂ ਦੇ ਭੋਗਾਂ ਤੇ ਹਾਜਰੀਆਂ ਭਰਿਆ ਕਰਦੇ ਸਨ, ਤਾਂ ਮੁਹੰਮਦ ਸਦੀਕ ਉਸ ਸਮੇਂ ਦੇ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ: ਬੇਅੰਤ ਸਿੰਘ ਮੁੱਖ ਮੰਤਰੀ ਹੁੰਦਿਆਂ ਜੋ ਖੁਦ ਵੀ ਅੱਤਵਾਦ ਦੀ ਭੇਂਟ ਚੜ੍ਹ ਗਏ ਸਨ, ਵੱਲੋਂ ਸੰਬੋਧਤ ਕੀਤੀਆਂ ਜਾਣ ਵਾਲੀਆਂ ਜਨਤਕ ਮੀਟਿੰਗਾਂ ਤੇ ਰੈਲੀਆਂ ਦੌਰਾਨ ਉਹੀ ਗੀਤ ‘ਭਾਰਤ ਹੈ ਜੇ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ, ਭਾਰਤ ਹੈ ਜੇ ਸਰਾਬ ਨਸ਼ਾ ਹੈ ਪੰਜਾਬ ਦਾ’ ਗਾਇਆ ਕਰਦੇ ਸਨ, ਮੁੱਖ ਮੰਤਰੀ ਦੇ ਕਹਿਣ ਤੇ ਸਪੀਕਰ ਵੱਲੋਂ ਦਿੱਤੀ ਪ੍ਰਵਾਨਗੀ ਉਪਰੰਤ ਜੋ ਉਹਨਾਂ ਪੰਜਾਬ ਵਿਧਾਨ ਸਭਾ ਵਿੱਚ ਗੁਣਗੁਣਾਇਆ ਸੀ।

ਸਿਫਾਰਸ ਨਾਲ ਸੁਣੇ ਗੀਤ ਤੋਂ ਬਾਅਦ ਸ੍ਰ: ਬਾਦਲ ਵੱਲੋਂ ਕੀਤੀ ਇਸ ਟਿੱਪਣੀ ਕਿ ਕਾਂਗਰਸੀ ਵੈਣ ਪਾਉਣ ਵਾਲਾ ਵੀ ਮੰਗਵਾ ਲੈਣ, ਨਾਲ ਉਸ ਮੁਹੰਮਦ ਸਦੀਕ ਦਾ ਦਿਲ ਕਿਸ ਕਦਰ ਟੁੱਟ ਚੁੱਕੈ, ਇਸਦਾ ਇਜ਼ਹਾਰ ਉਹ ਪਹਿਲਾਂ ਹੀ ਅਖ਼ਬਾਰਾਂ ਦੇ ਮਾਧਿਅਮ ਰਾਹੀਂ ਕਰ ਚੁੱਕਾ ਹੈ, ਮੁੱਖ ਮੰਤਰੀ ਦੇ ਭਰਾ ਗੁਰਦਾਸ ਬਾਦਲ ਦੇ ਸਹੁਰੇ ਤੇ ਪੀਪਲਜ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਦੇ ਨਾਨੇ ਸ੍ਰ: ਹਰਚੰਦ ਸਿੰਘ ਫੱਤਣਵਾਲਾ ਤੋਂ ਬਾਅਦ ਜੋ ਨਿਵੇਕਲੀ ਦਿੱਖ ਨਾਲ ਵਿਧਾਨ ਸਭਾ ਵਿੱਚ ਪਹੁੰਚਿਆ। ਜਿਕਰਯੋਗ ਹੈ ਕਿ ਸਦੀਕ ਵਾਂਗ ਸ੍ਰ: ਫੱਤਣਵਾਲਾ ਵੀ ਚਾਦਰਾ ਬੰਨ੍ਹ ਕੇ ਸੈਸਨ ਵਿੱਚ ਸਾਮਲ ਹੋਇਆ ਕਰਦੇ ਸਨ।

ਸ੍ਰ: ਬਾਦਲ ਵੱਲੋਂ ਮਜਾਕ ਦੇ ਰੂਪ ਵਿੱਚ ਸਦੀਕ ਨਾਲ ਕੀਤੀ ਜੱਗੋਂ ਤੇਹਰਵੀਂ ਤੋਂ ਬਾਅਦ ਰਾਜ ਦੇ ਸੁਚੇਤ ਹਲਕਿਆਂ ਵਿੱਚ ਇੱਕ ਅਜਿਹੀ ਵੱਖਰੀ ਬਹਿਸ ਸੁਰੂ ਹੋ ਗਈ, ਜੋ ਇਸਤੋਂ ਪਹਿਲਾਂ ਕਦੇ ਵੀ ਨਹੀਂ ਸੀ ਸੁਣੀ ਦੇਖੀ। ਹੱਟੀ ਹੋਵੇ ਜਾਂ ਭੱਠੀ, ਰੇਲ ਹੋਵੇ ਜਾਂ ਬੱਸ, ਦਫ਼ਤਰ ਹੋਣ ਜਾਂ ਕੋਰਟ ਕਚਿਹਰੀਆਂ, ਇੱਥੋਂ ਤੱਕ ਕਿ ਸਵੇਰ ਦੀ ਸੈਰ ਸਮੇਂ ਵੀ ਬਾਦਲ ਸਦੀਕ ਦੇ ਕਿੱਸੇ ਦਾ ਹੀ ਹਰ ਪਾਸੇ ਜਿਕਰ ਹੋ ਰਿਹੈ।

ਸੁਚੇਤ ਲੋਕਾਂ ਦੀ ਵੱਡੀ ਬਹੁਗਿਣਤੀ ਜਿੱਥੇ ਇਹ ਮਹਿਸੂਸ ਕਰਦੀ ਹੈ ਕਿ ਸਦੀਕ ਵੱਲੋਂ ਵਿੱਦਿਆ ਦੇ ਮੰਦਰ ਕਾਲਜ ਵਰਗੇ ਉਠਾਏ ਅਹਿਮ ਤੇ ਗੰਭੀਰ ਮੁੱਦੇ ਨੂੰ ਟਾਲਣ ਵਾਸਤੇ ਗਵਾਏ ਗੀਤ ਦੇ ਮਾਧਿਅਮ ਰਾਹੀਂ ਜਿੱਥੇ ਮੁੱਖ ਮੰਤਰੀ ਨੇ ਵਿਧਾਨ ਸਭਾ ਵਰਗੇ ਮਹੱਤਵਪੂਰਨ ਅਦਾਰੇ ਨੂੰ ਮਜਾਕ ਦਾ ਵਿਸ਼ਾ ਬਣਾ ਕੇ ਰੱਖ ਦਿੱਤਾ, ਉ¤ਥੇ ਲੱਖਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਗਾਇਕ ਦੇ ਸਵੈਮਾਨ ਨੂੰ ਠੇਸ ਲਾ ਕੇ ਬਾਦਲ ਸਾਹਿਬ ਨੂੰ ਆਪਣੇ ਹੀ ਵੱਡੇ ਕੱਦ ਤੇ ਸੁਆਲੀਆ ਨਿਸਾਨ ਲਾ ਲਿਐ।

ਅਜਿਹੇ ਬਹਿਸ ਮੁਬਾਹਸਿਆਂ ਦਾ ਸਾਰ ਤੱਤ ਇਹ ਨਿਕਲਦੈ, ਕਿ ਜਲਾਲਤ ਪੱਲੇ ਪਵਾ ਕੇ ਵੀ ਜਿੱਤ ਸਦੀਕ ਨੂੰ ਹੀ ਨਸੀਬ ਹੋਈ ਹੈ, ਜਦ ਕਿ ਉਮਰ ਸਿਆਸੀ ਕੱਦ ਕਾਠ ਤੇ ਅਥਾਹ ਤਜਰਬੇ ਦੇ ਮੁਕਾਬਲੇ ਬਹੁਤ ਹੀ ਹਲਕੀ ਟਿੱਪਣੀ ਕਰਕੇ ਬਾਦਲ ਸਾਹਿਬ ਨੇ ਆਪਣੀ ਵੱਡੀ ਜਿੱਤ ਨੂੰ ਖੁਦ ਹੀ ਦਾਗ ਲਾ ਲਿਆ ਹੈ।

No comments:

Post a Comment

Note: only a member of this blog may post a comment.